ਨਵੀਂ ਦਿੱਲੀ: 13 ਅਪ੍ਰੈਲ 1919 ਦਿਨ ਸੀ ਵੈਸਾਖੀ ਦਾ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੋਂ ਡੇਢ ਕਿਲੋ ਮੀਟਰ ਦੂਰ ਬਣੇ ਜਲਿਆਂਵਾਲੇ ਬਾਗ ਵਿਚ ਮੇਲੇ ਵਿਚ ਆਏ ਸਨ। ਇਸ ਮੇਲੇ ਵਿਚ ਹਰ ਉਮਰ ਦੇ ਜਵਾਨ, ਬਜ਼ੁਰਗ ਆਦਮੀ, ਔਰਤਾਂ ਅਤੇ ਬੱਚੇ ਸ਼ਾਮਲ ਸਨ। ਪਰ ਇਹਨਾਂ ਵਿਚੋਂ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਕੁਝ ਹੀ ਮਿੰਟਾਂ ਵਿਚ ਮੇਲੇ ਦੀ ਇਹ ਰੌਣਕ ਸੋਗ ਵਿਚ ਬਦਲ ਜਾਵੇਗੀ।
ਹੱਸਦੇ ਖੇਡਦੇ ਬੱਚਿਆਂ ਦੀਆਂ ਅਵਾਜ਼ਾਂ ਨਹੀਂ, ਚਾਰੋਂ ਪਾਸੇ ਸਿਰਫ ਚੀਕਾਂ ਸੁਣਾਈ ਦੇਣਗੀਆਂ ਅਤੇ ਮੇਲੇ ਵਿਚ ਮੌਜੂਦ ਸਾਰੇ ਲੋਕਾਂ ਦਾ ਨਾਮ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸੇ ਵਿਚ ਸ਼ਾਮਲ ਹੋ ਜਾਵੇਗਾ। ਇਸ ਹਾਦਸੇ ਤੋਂ ਬਾਅਦ ਪੰਜਾਬ ਦੇ ਇਕ ਕ੍ਰਾਂਤੀਕਾਰੀ ਉਧਮ ਸਿੰਘ ਕਿੱਸੇ ਹਰ ਪਾਸੇ ਹੋਣਗੇ। ਪੰਜਾਬ ਦੇ ਸੁਨਾਮ ਵਿਚ ਜਨਮੇ ਉਧਮ ਸਿੰਘ ਗਵਰਨਰ ਮਾਇਕਲ ਡਾਇਰ ਦੀ ਹੱਤਿਆ ਦੀ ਵਜ੍ਹ ਨਾਲ ਜਾਣੇ ਜਾਂਦੇ ਹਨ।
ਉਧਮ ਸਿੰਘ ਨੇ ਹੀ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਡਾਇਰ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਵਿਚ 1000 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਜਿਸ ਨਾਲ ਪੂਰੇ ਭਾਰਤ ਵਿਚ ਅਸ਼ਾਂਤੀ ਫੈਲ ਗਈ ਸੀ। ਉਧਮ ਸਿੰਘ ਜਿਹਨਾਂ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਬਚਪਨ ਵਿਚ ਹੀ ਅਪਣੇ ਮਾਤਾ ਪਿਤਾ ਨੂੰ ਗਵਾ ਚੁੱਕੇ ਉਧਮ ਸਿੰਘ ਇਸ ਹੱਤਿਆਕਾਂਡ ਨਾਲ ਬੇਘਰ ਹੋ ਗਏ।
ਇਸ ਤੋਂ ਬਾਅਦ ਉਹਨਾਂ ਨੂੰ ਅਪਣੇ ਭਰਾ ਨਾਲ ਅੰਮ੍ਰਿਤਸਰ ਦੇ ਇੱਕ ਅਨਾਥ ਆਸ਼ਰਮ ਵਿਚ ਰਹਿਣਾ ਪਿਆ। ਕੁਝ ਸਾਲਾਂ ਬਾਅਦ ਉਧਮ ਸਿੰਘ ਦੇ ਭਰਾ ਦਾ ਵੀ ਦੇਹਾਂਤ ਹੋ ਗਿਆ। ਬਾਅਦ ਵਿਚ ਉਹਨਾਂ ਨੇ ਅਨਾਥ ਆਸ਼ਰਮ ਛੱਡ ਦਿੱਤਾ ਅਤੇ ਕ੍ਰਾਂਤੀਕਾਰੀਆਂ ਨਾਲ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋ ਗਏ। ਅਨਾਥ ਹੋਣ ਤੋਂ ਬਾਅਦ ਅਤੇ ਇਸ ਹੱਤਿਆਕਾਂਡ ਵਿਚ ਲੋਕਾਂ ਦੀਆਂ ਲਾਸ਼ਾਂ ਵੇਖ ਕੇ ਉਧਮ ਸਿੰਘ ਨੇ ਜਲਿਆਂਵਾਲੇ ਬਾਗ ਦੀ ਮਿੱਟੀ ਹੱਥ ਵਿਚ ਚੁੱਕ ਕੇ ਕਸਮ ਖਾਧੀ ਸੀ ਕਿ ਹੱਤਿਆਕਾਂਡ ਦੇ ਜ਼ਿੰਮੇਵਾਰ ਜਰਨਲ ਡਾਇਰ ਨੂੰ ਉਹ ਮੌਤ ਦੇ ਘਾਟ ਉਤਾਰਨਗੇ।
ਸੰਨ 1934 ਵਿਚ ਉਧਮ ਸਿੰਘ ਲੰਡਨ ਪਹੁੰਚੇ ਅਤੇ ਉੱਥੇ 9 ਐਲਡਰ ਸਟ੍ਰੀਟ ਕਮਰਸ਼ੀਅਲ ਰੋਡ ਤੇ ਰਹਿਣ ਲੱਗੇ। ਉਹਨਾਂ ਨੇ ਉੱਥੇ ਯਾਤਰਾ ਕਰਨ ਲਈ ਇੱਕ ਕਾਰ ਖਰੀਦੀ ਅਤੇ ਨਾਲ ਹੀ ਅਪਣਾ ਮਿਸ਼ਨ ਪੂਰਾ ਕਰਨ ਲਈ 6 ਗੋਲੀਆਂ ਵਾਲੀ ਇਕ ਰਿਵਾਲਰ ਵੀ ਖਰੀਦੀ। 6 ਸਾਲ ਬਾਅਦ 1940 ਵਿਚ ਸੈਂਕੜੇ ਭਾਰਤੀਆਂ ਦਾ ਬਦਲਾ ਲੈਣ ਦਾ ਮੌਕਾ ਮਿਲਿਆ। ਜਲਿਆਂਵਾਲੇ ਬਾਗ ਹੱਤਿਆਕਾਂਡ ਦੇ 21 ਸਾਲ ਬਾਅਦ 13 ਮਾਰਚ 1940 ਨੂੰ ਰਾਇਲ ਸੈਂਟਰਲ ਏਸ਼ੀਅਨ ਸੋਸਾਇਟੀ ਦੀ ਲੰਡਨ ਦੇ ਕਾਕਸਟਨ ਹਾਲ ਵਿਚ ਇੱਕ ਬੈਠਕ ਸੀ ਜਿੱਥੇ ਮਾਇਕਲ ਓ ਡਾਇਰ ਵੀ ਸ਼ਾਮਲ ਸੀ।
ਉਧਮ ਸਿੰਘ ਉਸ ਬੈਠਕ ਵਿਚ ਇੱਕ ਮੋਟੀ ਕਿਤਾਬ ਵਿਚ ਰਿਵਾਲਵਰ ਛੁਪਾ ਕੇ ਪਹੁੰਚੇ। ਇਸ ਦੇ ਲਈ ਉਹਨਾਂ ਨੇ ਕਿਤਾਬ ਦੇ ਸਫਿਆਂ ਨੂੰ ਰਿਵਾਲਵਰ ਦੇ ਆਕਾਰ ਵਿਚ ਉਸ ਤਰ੍ਹਾਂ ਕੱਟ ਲਿਆ ਸੀ ਜਿਸ ਤਰ੍ਹਾਂ ਦਾ ਰਿਵਾਲਵਰ ਦਾ ਅਕਾਰ ਸੀ। ਉਧਮ ਸਿੰਘ ਨੇ ਬੈਠਕ ਤੋਂ ਬਾਅਦ ਦੀਵਾਰ ਦੇ ਪਿੱਛੇ ਤੋਂ ਮਾਇਕਲ ਡਾਇਰ ਤੇ ਗੋਲੀਆਂ ਚਲਾ ਦਿੱਤੀਆਂ।
ਦੋ ਗੋਲੀਆਂ ਮਾਇਕਲ ਓ ਡਾਇਰ ਨੂੰ ਲੱਗੀਆਂ, ਜਿਸ ਨਾਲ ਉਸ ਦੀ ਉਸੇ ਸਮੇਂ ਮੌਤ ਹੋ ਗਈ। ਉਧਮ ਸਿੰਘ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਅਪਣੀ ਗ੍ਰਿਫ਼ਤਾਰੀ ਕਰਵਾ ਲਈ। ਉਹਨਾਂ ਤੇ ਮੁਕੱਦਮਾ ਚੱਲਿਆ। 4 ਜੂਨ ਨੂੰ ਉਧਮ ਸਿੰਘ ਨੂੰ ਹੱਤਿਆ ਦਾ ਦੋਸ਼ੀ ਠਹਰਾਇਆ ਗਿਆ ਅਤੇ 31 ਜੁਲਾਈ 1940 ਨੂੰ ਉਹਨਾਂ ਨੂੰ ਪੇਂਟਨਵਿਲੇ ਜ਼ੇਲ ਵਿਚ ਫਾਂਸੀ ਦੇ ਦਿੱਤੀ ਗਈ।