PM ਮੋਦੀ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਕੀਤਾ ਨਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਟਵਿੱਟਰ 'ਤੇ ਲਿਖਿਆ, "ਵਿਸਾਖੀ ਦੇ ਸ਼ੁੱਭ ਮੌਕੇ 'ਤੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਨਵੀਂਆਂ ਉਮੀਦਾਂ ਨਾਲ ਜੁੜਿਆ ਇਹ ਤਿਉਹਾਰ...

File photo

ਨਵੀਂ ਦਿੱਲੀ- ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਵਾਇਰਸ ਦੇ ਚਲਦੇ ਅੱਜ 13 ਅ੍ਰਪੈਲ ਵੈਸਾਖੀ ਦਾ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਿਸਾਖੀ ਦੇ ਤਿਉਹਾਰ ਦੀ ਵਧਾਈ ਦਿੱਤੀ। ਪੀਐਮ ਮੋਦੀ ਨੇ ਟਵਿੱਟਰ 'ਤੇ ਲਿਖਿਆ, "ਵਿਸਾਖੀ ਦੇ ਸ਼ੁੱਭ ਮੌਕੇ 'ਤੇ ਦੇਸ਼ ਵਾਸੀਆਂ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਨਵੀਂਆਂ ਉਮੀਦਾਂ ਨਾਲ ਜੁੜਿਆ ਇਹ ਤਿਉਹਾਰ ਹਰ ਇੱਕ ਦੇ ਜੀਵਨ 'ਚ ਨਵੀਂ ਊਰਜਾ ਤੇ ਉਤਸ਼ਾਹ ਪੈਦਾ ਕਰੇ।"ਦੱਸ ਦਈਏ ਕਿ ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖ਼ਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸਾਲ 1699ਈ ਦੀ ਵਿਸਾਖੀ ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ।

ਇਸ ਲਈ ਸਿੱਖ ਕੌਮ ਇਸ ਨੂੰ ਖ਼ਾਲਸੇ ਦੇ ਜਨਮ ਦਿਵਸ ਵਜੋਂ ਮਨਾਉਂਦੀ ਹੈ। ਆਮ ਤੌਰ 'ਤੇ ਇਹ ਤਿਉਹਾਰ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਜਲ੍ਹਿਆਂਵਾਲਾ ਬਾਗ਼ ਬਾਰੇ ਇੱਕ ਹੋਰ ਟਵੀਟ ਕੀਤਾ। ਇਸ 'ਚ ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ, ਜੋ ਇਸ ਦਿਨ ਜਲ੍ਹਿਆਂਵਾਲਾ ਬਾਗ 'ਚ ਬੇਰਹਿਮੀ ਨਾਲ ਮਾਰੇ ਗਏ। ਅਸੀਂ ਉਨ੍ਹਾਂ ਦੀ ਹਿੰਮਤ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗੇ। ਉਨ੍ਹਾਂ ਦੀ ਬਹਾਦਰੀ ਹਮੇਸ਼ਾ ਭਾਰਤੀਆਂ ਨੂੰ ਪ੍ਰੇਰਿਤ ਕਰੇਗੀ।

"ਦੱਸ ਦਈਏ ਕਿ 13 ਅਪ੍ਰੈਲ ਦੇ ਨਾਲ ਸਾਲ 1919 ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਵਾਪਰਿਆ ਸੀ, ਜਿਸ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚ ਵਿਸਾਖੀ ਦੇ ਮੌਕੇ 'ਤੇ ਇਕੱਤਰ ਹੋਏ ਲੋਕਾਂ 'ਤੇ ਬ੍ਰਿਟਿਸ਼ ਫ਼ੌਜ ਦੇ ਜਨਰਲ ਡਾਇਰ ਦੇ ਆਦੇਸ਼ 'ਤੇ ਸਿਪਾਹੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਹ ਲੋਕ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਭਾਰਤੀ ਆਗੂਆਂ ਸੱਤਿਆ ਪਾਲ ਅਤੇ ਸੈਫੂਦੀਨ ਕਿਚਲੂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਜਲ੍ਹਿਆਂਵਾਲਾ ਬਾਗ ਕਤਲੇਆਮ ਵਿਚ 1000 ਤੋਂ ਵੱਧ ਲੋਕ ਮਾਰੇ ਗਏ ਸਨ। ਇਨ੍ਹਾਂ 'ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਉਸੇ ਸਮੇਂ ਬ੍ਰਿਟਿਸ਼ ਸਰਕਾਰ 'ਚ ਦਰਜ ਰਿਕਾਰਡਾਂ ਅਨੁਸਾਰ 379 ਲੋਕਾਂ ਦੀ ਮੌਤ ਹੋਈ ਸੀ ਅਤੇ ਲਗਭਗ 1200 ਲੋਕ ਜ਼ਖਮੀ ਹੋਏ ਸਨ।