ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਾਂਗੀ: ਮਹਿਬੂਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

‘ਅਸੀਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਦਾ ਅਪਣਾ ਸੰਘਰਸ਼ ਜਾਰੀ ਰੱਖਾਂਗੇ, ਇਸ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਫ਼ੈਸਲੇ ਨੂੰ ਅਸੀਂ ਸਵੀਕਾਰ ਨਹੀਂ ਕਰਦੇ।’’

Mehbooba

ਸ਼੍ਰੀਨਗਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਲਈ ਸੰਘਰਸ਼ ਜਾਰੀ ਰਖੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਕਸ਼ਮੀਰ ਸਮੇਤ ਸਾਰੇ ਹੋਰ ਮੁੱਦਿਆਂ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਲਈ ਮੇਜ ’ਤੇ ਆਉਣਾ ਹੋਵੇਗਾ। ਮੁਫ਼ਤੀ ਨੇ ਇਥੇ ਪਾਰਟੀ ਦੇ ਇਕ ਪ੍ਰੋਗਰਾਮ ’ਚ ਕਿਹਾ,‘‘ਅਸੀਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਬਹਾਲ ਕਰਵਾਉਣ ਦਾ ਅਪਣਾ ਸੰਘਰਸ਼ ਜਾਰੀ ਰੱਖਾਂਗੇ, ਇਸ ਨੂੰ ਖ਼ਤਮ ਕਰਨ ਲਈ ਸਰਕਾਰ ਦੇ ਫ਼ੈਸਲੇ ਨੂੰ ਅਸੀਂ ਸਵੀਕਾਰ ਨਹੀਂ ਕਰਦੇ।’’

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਭਾਰਤ ਦੇ ਸੰਵਿਧਾਨ ਨੇ ਦਿੱਤਾ ਸੀ। ਉਨ੍ਹਾਂ ਕਿਹਾ,‘‘ਇਹ ਦਰਜਾ ਚੀਨ ਨੇ ਜਾਂ ਪਾਕਿਸਤਾਨ ਨੇ ਨਹੀਂ ਦਿਤਾ ਸੀ। ਜਦੋਂ ਅਸੀਂ ਇਸ ਨੂੰ ਬਹਾਲ ਕਰਨ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਨੂੰ ਦਰਦ ਕਿਉਂ ਹੁੰਦਾ ਹੈ? ਅਸੀਂ ਖਾਸ ਸ਼ਰਤਾਂ ’ਤੇ ਭਾਰਤ ’ਚ ਸ਼ਾਮਲ ਹੋਏ ਸੀ ਅਤੇ ਉਨ੍ਹਾਂ ’ਚੋਂ ਇਕ ਸੀ ਅਪਣੀ ਪਛਾਣ ਦੀ ਸੁਰੱਖਿਆ ਕਰਨਾ।’’

ਪੀ.ਡੀ.ਪੀ. ਮੁਖੀ ਨੇ ਕਿਹਾ ਕਿ ਕੇਂਦਰ ਨੂੰ ਜੰਮੂ ਕਸ਼ਮੀਰ ਸਮੇਤ ਹੋਰ ਸਾਰੇ ਮੁੱਦਿਆਂ ਦੇ ਹੱਲ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਹੋਵੇਗੀ। ਉਨ੍ਹਾਂ ਕਿਹਾ,‘‘ਜੇਕਰ ਦੋਵੇਂ ਦੇਸ਼ ਖੇਤਰ ’ਚ ਸ਼ਾਂਤੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਰੇ ਮੁੱਦਿਆਂ ਨੂੰ ਹੱਲ ਕਰਨ ਲਈ ਇਕੱਠੇ ਬੈਠਣਾ ਹੋਵੇਗਾ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਦਕਸ਼ੇਸ) ਸਿਖਰ ਸੰਮੇਲਨ ਆਯੋਜਤ ਕੀਤਾ ਜਾਣਾ ਚਾਹੀਦਾ ਤਾਂ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ,‘‘ਮੈਂ ਉਮੀਦ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ ’ਚ ਹਿੱਸਾ ਲੈਣ ਪਾਕਿਸਤਾਨ ਜਾਣਗੇ, ਕਿਉਂਕਿ (ਸਾਬਕਾ ਪ੍ਰਧਾਨ ਮੰਤਰੀ) ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ ਕਿ ਅਸੀਂ ਦੋਸਤ ਬਦਲ ਸਕਦੇ ਹਾਂ ਪਰ ਗੁਆਂਢੀ ਨਹੀਂ।’’