ਕਿਸਾਨਾਂ ਲਈ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਵੱਡਾ ਐਲਾਨ, ਕਿਹਾ ਫ਼ਸਲਾਂ ਦੀ ਮਿਲੇਗੀ ਪੂਰੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਹਿੱਤਾਂ ਲਈ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਗਏ ਕਈ ਕਦਮਾਂ ਦੀ ਤਰ੍ਹਾਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਇਸ ਫੈਸਲੇ ਦਾ ਲਾਭ ਮਿਲੇਗਾ।

piyush

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ।  ਇਸ ਵਿਚਾਲੇ ਅੱਜ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਵੀ ਕਿਸਾਨਾਂ ਬਾਰੇ ਟਵੀਟ ਕਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਹੁਣ ਪੰਜਾਬ ’ਚ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਕੀਮਤ ਐਮਐਸਪੀ ’ਤੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਪਾਈ ਜਾਵੇਗੀ। ਕਿਸਾਨ ਹਿੱਤਾਂ ਲਈ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਗਏ ਕਈ ਕਦਮਾਂ ਦੀ ਤਰ੍ਹਾਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਇਸ ਫੈਸਲੇ ਦਾ ਲਾਭ ਮਿਲੇਗਾ।

ਉਨ੍ਹਾਂ ਅੱਗੇ ਲਿਖਿਆ ਕਿ ਫਸਲ ਦੀ ਕੀਮਤ ਸਿੱਧੇ ਬੈਂਕ ਖਾਤੇ ’ਚ ਜਾਣ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਵੀ ਮਿਲੇਗਾ ਜਿਹੜੇ ਠੇਕੇ ਦੀ ਜ਼ਮੀਨ ’ਤੇ ਖੇਤੀ ਕਰਦੇ ਹਨ। ਇਸ ਸਿਸਟਮ ’ਚ ਪਾਰਦਰਸ਼ਿਤਾ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਵੱਲੋਂ ਗੁਮਰਾਹ ਨਹੀਂ ਕੀਤਾ ਜਾ ਸਕੇਗਾ ਤੇ ਇਨ੍ਹਾਂ ਕਿਸਾਨਾਂ ਨੂੰ ਫਸਲ ਦੀ ਪੂਰੀ ਕੀਮਤ ਵੀ ਮਿਲੇਗੀ।

ਅੱਜ ਇਕ ਹੋਰ ਟਵੀਟ ਕਰਦਿਆਂ ਕੇਂਦਰੀ ਰੇਲ ਮੰਤਰੀ ਪਿਯੂਸ਼ ਗੋਇਲ ਨੇ ਲਿਖਿਆ ਹੈ ਕਿ ਕਿਸਾਨ ਰੇਲ ਕਿਸਾਨਾਂ ਨੂੰ ਨਿਰੰਤਰ ਲਾਭ ਮੁਹੱਈਆ ਕਰਵਾ ਰਹੀ ਹੈ। ਤੇਲੰਗਾਨਾ ਦੇ ਲਿੰਗਮਪੇਟ-ਜਗੀਤੀਅਲ ਤੋਂ ਆਦਰਸ਼ ਨਗਰ, ਦਿੱਲੀ ਤਕ ਕਿਸਾਨੀ ਰੇਲ ਦੁਆਰਾ ਅੰਬ ਲੋਡ ਕੀਤੇ ਗਏ ਸਨ। ਦਿੱਲੀ ਦੇ ਬਾਜ਼ਾਰਾਂ ਵਿੱਚ ਇਹ ਅੰਬ ਤੇਲੰਗਾਨਾ ਦੇ ਕਿਸਾਨਾਂ ਅਤੇ ਦਿੱਲੀ ਦੇ ਖਪਤਕਾਰਾਂ ਦੋਵਾਂ ਨੂੰ ਲਾਭ ਪਹੁੰਚਾਏਗਾ।

ਜਿਕਰਯੋਗ ਹੈ ਕਿ ਕਿਸਾਨ ਅੰਦੋਲਨ ਪਿਛਲੇ 136 ਦਿਨ ਤੋਂ ਜਾਰੀ ਹੈ।  ਕਿਸਾਨ ਦਿੱਲੀ ਦੀਆ ਬਰੂਹਾਂ ਤੇ ਡਟੇ ਹੋਏ ਹਨ। ਪਿਛਲੇ ਸਾਲ ਸਤੰਬਰ ’ਚ ਕੇਂਦਰ ਸਰਕਾਰ ਨੇ ਖੇਤੀ ਨਾਲ ਸਬੰਧਤ ਤਿੰਨ ਕਾਨੂੰਨ ਲਾਗੂ ਕੀਤੇ ਸਨ। ਇਨ੍ਹਾਂ ਤਿੰਨਾਂ ਕਾਨੂੰਨਾਂ ਵਿਰੁੱਧ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ।