Visakhapatnam News : ਆਂਧਰਾ ਪ੍ਰਦੇਸ਼ : ਪਟਾਕਾ ਬਣਾਉਣ ਵਾਲੀ ਇਕਾਈ ’ਚ ਲੱਗੀ ਅੱਗ, ਹਾਦਸੇ ’ਚ 8 ਲੋਕਾਂ ਦੀ ਮੌਤ
Visakhapatnam News : ਮੁੱਖ ਮੰਤਰੀ ਨਾਇਡੂ ਨੇ ਦਿਤੇ ਜਾਂਚ ਦੇ ਹੁਕਮ
Visakhapatnam News in Punjabi : ਆਂਧਰਾ ਪ੍ਰਦੇਸ਼ ਦੇ ਅਨਾਕਾਪੱਲੀ ਜ਼ਿਲ੍ਹੇ ’ਚ ਐਤਵਾਰ ਨੂੰ ਪਟਾਕਾ ਬਣਾਉਣ ਵਾਲੀ ਇਕ ਇਕਾਈ ’ਚ ਅੱਗ ਲੱਗਣ ਨਾਲ ਦੋ ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ।
ਸੂਬੇ ਦੀ ਗ੍ਰਹਿ ਮੰਤਰੀ ਵੀ. ਅਨੀਤਾ ਨੇ ਦਸਿਆ, ‘‘ਇਸ ਹਾਦਸੇ ’ਚ ਦੋ ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਜਾ ਰਿਹਾ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।’’
ਇਹ ਹਾਦਸਾ ਦੁਪਹਿਰ ਕਰੀਬ 12:45 ਵਜੇ ਵਾਪਰਿਆ ਅਤੇ ਅਧਿਕਾਰੀ ਫਿਲਹਾਲ ਲਾਸ਼ਾਂ ਨੂੰ ਬਰਾਮਦ ਕਰਨ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਥਾਨਕ ਲੋਕ ਵੀ ਮੌਕੇ ’ਤੇ ਪੁਲਿਸ ਦੀ ਮਦਦ ਕਰ ਰਹੇ ਹਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਮੰਤਰੀ ਅਨੀਤਾ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਖਮੀਆਂ ਲਈ ਉਚਿਤ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਹੁਕਮ ਦਿਤੇ। ਮੁੱਖ ਮੰਤਰੀ ਨਾਇਡੂ ਨੇ ਵੀ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਰੀਪੋਰਟ ਸੌਂਪਣ ਲਈ ਕਿਹਾ। ਵਾਈ.ਐਸ.ਆਰ.ਸੀ.ਪੀ. ਦੇ ਮੁਖੀ ਵਾਈ.ਐਸ. ਜਗਨ ਮੋਹਨ ਰੈੱਡੀ ਨੇ ਵੀ ਦੁੱਖ ਪ੍ਰਗਟਾਇਆ ਅਤੇ ਸਰਕਾਰ ਨੂੰ ਪੀੜਤਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਅਪਣੀ ਪਾਰਟੀ ਦੇ ਨੇਤਾਵਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ।
(For more news apart from Andhra Pradesh: Fire breaks out in firecracker manufacturing unit, 8 people die in accident News in Punjabi, stay tuned to Rozana Spokesman)