ਗੁਰੂ ਗੋਬਿੰਦ ਸਿੰਘ ਜੀ ਦੇ ਇਰਾਦੇ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ : ਮੁੱਖ ਮੰਤਰੀ ਯੋਗੀ
ਧਰਮ ਪਰਿਵਰਤਨ ਬਾਰੇ ਬਿਆਨ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ
ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਨੂੰ ‘ਬੇਰਹਿਮ’ ਕਰਾਰ ਦਿਤਾ ਅਤੇ ਉਸ ਸਮੇਂ ਹਿੰਦੂਆਂ ਨੂੰ ਦਰਪੇਸ਼ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਗੁਰੂ ਗੋਬਿੰਦ ਸਿੰਘ ਦੀ ਸ਼ਲਾਘਾ ਕੀਤੀ।
ਉਹ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਲਖਨਊ ਦੇ ਗੁਰਦੁਆਰਾ ਨਾਕਾ ਹਿੰਦੋਲਾ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਆਦਿੱਤਿਆਨਾਥ ਨੇ ਕਿਹਾ, ‘‘ਇਕ ਪਾਸੇ ਜ਼ਾਲਮ ਔਰੰਗਜ਼ੇਬ ਦਾ ਰਾਜ ਸੀ, ਅੱਤਿਆਚਾਰ ਅਪਣੇ ਸਿਖਰ ’ਤੇ ਪਹੁੰਚ ਗਏ ਸਨ। ਜਜ਼ੀਆ ਟੈਕਸ ਰਾਹੀਂ ਉਸ ਨੇ ਹਿੰਦੂਆਂ ਨੂੰ ਪੂਰੀ ਤਰ੍ਹਾਂ ਇਸਲਾਮ ਕਬੂਲ ਕਰਨ ਦੀ ਕੋਸ਼ਿਸ਼ ਕੀਤੀ। ਮੰਦਰਾਂ ਨੂੰ ਤੋੜਿਆ ਜਾ ਰਿਹਾ ਸੀ ਅਤੇ ਧੀਆਂ-ਭੈਣਾਂ ਦੀ ਇੱਜ਼ਤ ਨੂੰ ਖਤਰਾ ਸੀ। ਉਸ ਸਮੇਂ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਇਕ ਲੱਖ ਚੇਲਿਆਂ ਨਾਲ ਦੇਸ਼ ਅਤੇ ਧਰਮ ਦੀਆਂ ਭਖਦੀਆਂ ਸਮੱਸਿਆਵਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਸੀ। ਅਤੇ ਜਦੋਂ ਉਨ੍ਹਾਂ ਨੇ ਇਸ ਕੰਮ ਨੂੰ ਅੱਗੇ ਵਧਾਇਆ ਤਾਂ ਉਨ੍ਹਾਂ ਨੇ ਇਸ ਦਾ ਨਾਂ ਖਾਲਸਾ ਰੱਖਿਆ।’’ ਆਦਿੱਤਿਆਨਾਥ ਨੇ ਕਿਹਾ ਕਿ ਉਨ੍ਹਾਂ ਦੇ ਇਰਾਦੇ ਅੱਜ ਵੀ ਸਾਡੇ ਲਈ ਪ੍ਰੇਰਣਾ ਸਰੋਤ ਹਨ।
ਉਨ੍ਹਾਂ ਨੇ ਤਰਾਈ ਅਤੇ ਪੰਜਾਬ ਵਰਗੇ ਇਲਾਕਿਆਂ ’ਚ ਧਰਮ ਪਰਿਵਰਤਨ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਸਮਾਜ ਨੂੰ ਇਨ੍ਹਾਂ ਘਟਨਾਵਾਂ ਦੇ ਮੂਲ ਕਾਰਨਾਂ ’ਤੇ ਵਿਚਾਰ ਕਰਨ ਅਤੇ ਹੱਲ ਕਰਨ ਦੀ ਅਪੀਲ ਕੀਤੀ।
ਆਦਿੱਤਿਆਨਾਥ ਨੇ ਤਰਾਈ ਖੇਤਰ ਤੋਂ ਸਿੱਖ ਨੌਜੁਆਨਾਂ ਦੇ ਵਿਦੇਸ਼ਾਂ ’ਚ ਪ੍ਰਵਾਸ ’ਤੇ ਵੀ ਚਿੰਤਾ ਜ਼ਾਹਰ ਕੀਤੀ ਅਤੇ ਮਲੇਰੀਆ ਪ੍ਰਭਾਵਤ ਇਲਾਕੇ ਤੋਂ ਸਿੱਖਾਂ ਦੇ ਅਣਥੱਕ ਯਤਨਾਂ ਸਦਕਾ ਉਪਜਾਊ ਜ਼ਮੀਨ ’ਚ ਤਬਦੀਲ ਕੀਤੇ ਇਸ ਖੇਤਰ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਉਨ੍ਹਾਂ ਨੌਜੁਆਨਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਅਤੇ ਹਿੰਮਤ ਅਤੇ ਦ੍ਰਿੜਤਾ ਨਾਲ ਅੱਗੇ ਵਧਣ ਦੀ ਅਪੀਲ ਕੀਤੀ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਵੇਖਦੇ ਹੋਏ ਆਦਿੱਤਿਆਨਾਥ ਨੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ’ਚ ਇਕ ਵਿਸ਼ਾਲ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਸੂਬੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਨੂੰ ਮਾਣ ਅਤੇ ਸਤਿਕਾਰ ਨਾਲ ਮਨਾਉਣ ਲਈ ਵਿਆਪਕ ਪ੍ਰੋਗਰਾਮ ਤਿਆਰ ਕਰਨ।
ਧਰਮ ਪਰਿਵਰਤਨ ਬਾਰੇ ਬਿਆਨ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਮੁੱਖ ਮੰਤਰੀ ਨੂੰ ਕੀਤੀ ਅਪੀਲ
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਮੁੱਖ ਮੰਤਰੀ ਯੋਗੀ ਦੇ ਇਸ ਬਿਆਨ ’ਤੇ ਕਿਹਾ, ‘‘ਅਸੀਂ ਤੁਹਾਡੀ ਫ਼ਿਕਰਮੰਦੀ ਦਾ ਸਤਿਕਾਰ ਕਰਦੇ ਹਾਂ। ਪਰ ਧਰਮ ਪਰਿਵਰਤਨ ’ਚ ਸਰਕਾਰਾਂ ਦਾ ਵੀ ਵੱਡਾ ਰੋਲ ਹੈ, ਜਾਂ ਉਨ੍ਹਾਂ ਦੀ ਗ਼ੈਰਜ਼ਿੰਮੇਵਾਰੀ ਵਾਲੀ ਗੱਲ ਹੈ। ਧਰਮ ਪਰਿਵਰਤਨ ਨੂੰ ਸਰਕਾਰੀ ਅੰਕੜਿਆਂ ’ਚ ਦਰਜ ਕਿਉਂ ਨਹੀਂ ਕੀਤਾ ਜਾਂਦਾ? ਆਰਥਕ ਤੌਰ ’ਤੇ ਸੋਸ਼ਣ ਕੀਤਾ ਜਾਂਦਾ ਹੈ, ਲੋਕਾਂ ਨੂੰ ਮਰਵਾਇਆ ਜਾਂਦਾ ਹੈ, ਇਸ ’ਤੇ ਠੱਲ੍ਹ ਕਿਉਂ ਨਹੀਂ ਪਾਈ ਜਾਂਦੀ। ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਹੋਰ ਅਦਾਰਿਆਂ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ, ਇਸ ਪਿੱਛੇ ਬੜੀ ਵੱਡੀ ਸਾਜ਼ਸ਼ ਕੰਮ ਕਰ ਰਹੀ ਹੈ।’’ ਉਨ੍ਹਾਂ ਨੇ ਉੱਤਰ ਪ੍ਰਦੇਸ਼ ਅੰਦਰ ਗਿਆਨ ਗੋਦੜੀ ਅਤੇ ਹੋਰ ਕਈ ਗੁਰਦਵਾਰਿਆਂ ’ਤੇ ਹੋਏ ਕਬਜ਼ੇ ਵਲ ਵੀ ਧਿਆਨ ਦੇਣ ਦੀ ਅਪੀਲ ਕੀਤੀ।