ਪੰਜਾਬ ਸਮੇਤ ਉੱਤਰ ਭਾਰਤ 'ਚ ਐਤਵਾਰ ਫਿਰ ਤੇਜ਼ ਹਨ੍ਹੇਰੀ ਤੇ ਤੂਫਾਨ ਦਾ ਖ਼ਤਰਾ
ਉੱਤਰ ਭਾਰਤ ਦੇ ਪਹਾੜੀ ਸੂਬਿਆਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਤੂਫ਼ਾਨ ਤੇ ਹਨ੍ਹੇਰੀ ਆ ਸਕਦੀ ਹੈ। ਮੌਸਮ ...
ਨਵੀਂ ਦਿੱਲੀ : ਉੱਤਰ ਭਾਰਤ ਦੇ ਪਹਾੜੀ ਸੂਬਿਆਂ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਐਤਵਾਰ ਨੂੰ ਤੂਫ਼ਾਨ ਤੇ ਹਨ੍ਹੇਰੀ ਆ ਸਕਦੀ ਹੈ। ਮੌਸਮ ਵਿਭਾਗ ਨੇ ਸਨਿਚਰਵਾਰ ਨੂੰ ਇਸ ਦਾ ਅਨੁਮਾਨ ਲਾਇਆ। ਵਿਭਾਗ ਦੇ ਮੁਤਾਬਕ ਰਾਜਸਥਾਨ ਦੇ ਕਈ ਇਲਾਕਿਆਂ 'ਚ ਅਗਲੇ ਦੋ ਦਿਨਾਂ 'ਚ ਹਨ੍ਹੇਰੀ ਚੱਲ ਸਕਦੀ ਹੈ। ਪਹਾੜੀ ਸੂਬਿਆਂ 'ਚ ਆਉਣ ਵਾਲੇ ਤੂਫਾਨ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਵੀ ਪੈ ਸਕਦਾ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਇਹ ਹਨ੍ਹੇਰੀ ਤੂਫ਼ਾਨ ਐਤਵਾਰ ਨੂੰ ਨਵੇਂ ਪੱਛਮੀ ਦਬਾਅ ਦੇ ਚੱਲਦੇ ਆ ਰਿਹਾ ਹੈ। ਪੱਛਮੀ ਦਬਾਅ ਭੂ-ਮੱਧ ਸਾਗਰ ਤੋਂ ਪੈਦਾ ਹੁੰਦਾ ਹੈ, ਜਿਸ ਨਾਲ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ 'ਚ ਅਚਾਨਕ ਮੀਂਹ ਪੈਂਦਾ ਹੈ। ਵਿਭਾਗ ਦੇ ਮੁਤਾਬਕ ਐਤਵਾਰ ਨੂੰ ਤੂਫ਼ਾਨ ਦੇ ਨਾਲ ਹਨ੍ਹੇਰੀ ਵੀ ਆ ਸਕਦੀ ਹੈ। ਇਸ ਦੌਰਾਨ ਪੂਰਬੀ ਉੱਤਰ ਪ੍ਰਦੇਸ਼, ਅਸਮ, ਮੇਘਾਲਿਆ, ਮਣੀਪੁਰ, ਨਾਗਾਲੈਂਡ, ਮਿਜ਼ੋਰਮ, ਪੱਛਮੀ ਬੰਗਾਲ ਦੇ ਗੰਗਾ ਵਾਲੇ ਇਲਾਕੇ, ਓਡੀਸ਼ਾ ਤੇ ਝਾਰਖੰਡ 'ਚ 50-70 ਕਿਲੋਮੀਟਰ ਪ੍ਰਤੀ ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।
ਵਿਭਾਗ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ ਹੈ ਕਿ ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ, ਤੇਲੰਗਾਨਾ, ਉੱਤਰੀ ਤੱਟੀ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਤੇ ਕੇਰਲ ਦੇ ਇਲਾਕਿਆਂ 'ਚ ਤੂਫ਼ਾਨ ਤੇ ਤੇਜ਼ ਹਨ੍ਹੇਰੀ ਆ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ 13 ਅਤੇ 14 ਮਈ ਨੂੰ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਕਈ ਜ਼ਿਲ੍ਹਿਆਂ ਵਿਚ ਤੂਫ਼ਾਨ ਆਉਣ ਦੇ ਆਸਾਰ ਹਨ। ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਸ ਸਬੰਧੀ ਅਲਰਟ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।
ਉਤਰ ਪ੍ਰਦੇਸ਼ ਮੌਸਮ ਵਿਭਾਗ ਦੇ ਨਿਦੇਸ਼ਕ ਜੇ ਪੀ ਗੁਪਤਾ ਦੇ ਅਨੁਸਾਰ ਅਗਲੇ ਦੋ ਦਿਨਾਂ ਦੇ ਅੰਦਰ ਤੂਫ਼ਾਨ ਅਤੇ ਹਨ੍ਹੇਰੀ ਆਉਣ ਦੇ ਆਸਾਰ ਹਨ। ਤੇਜ਼ ਧੁੱਪ ਨਿਕਲੇਗੀ ਪਰ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਇਸ ਦਾ ਅਸਰ ਘੱਟ ਰਹੇਗਾ। ਆਗਰਾ, ਮੱਧ ਉਤਰ ਪ੍ਰਦੇਸ਼ ਅਤੇ ਪੂਰਬੀ ਉਤਰ ਪ੍ਰਦੇਸ਼ ਵਿਚ 13 ਅਤੇ 14 ਮਈ ਨੂੰ ਮੌਸਮ ਖ਼ਰਾਬ ਹੋ ਸਕਦਾ ਹੈ। ਕੁੱਝ ਥਾਵਾਂ 'ਤੇ ਬਾਰਸ਼ ਵੀ ਹੋ ਸਕਦੀ ਹੈ।
ਮੌਸਮ ਵਿਭਾਗ ਅਨੁਸਾਰ ਸਨਿਚਰਵਾਰ ਨੂੰ ਰਾਜਧਾਨੀ ਲਖਨਊ ਦਾ ਘੱਟੋ ਘੱਟ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਜ਼ਿਆਦਾਤਰ ਤਾਪਮਾਨ 40 ਡਿਗਰੀ ਸੈਲਸੀਅਸ ਤਕ ਦਰਜ ਕੀਤੇ ਜਾਣ ਦਾ ਅਨੁਮਾਨ ਹੈ। ਲਖਨਊ ਦੇ ਇਲਾਵਾ ਸਨਿਚਰਵਾਰ ਨੂੰ ਗੋਰਖ਼ਪੁਰ ਦਾ ਘੱਟੋ ਘੱਟ ਤਾਪਮਾਨ 25 ਡਿਗਰੀ, ਕਾਨਪੁਰ ਦਾ 22.4 ਡਿਗਰੀ, ਬਨਾਰਸ ਦਾ 24 ਡਿਗਰੀ, ਇਲਾਹਾਬਾਦ ਦਾ 22 ਡਿਗਰੀ ਅਤੇ ਝਾਂਸੀ ਦਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਇੱਧਰ ਉਤਰ ਪ੍ਰਦੇਸ਼ ਦੇ ਰਾਹਤ ਕਮਿਸ਼ਨਰ ਸੰਜੇ ਕੁਮਾਰ ਨੇ ਉਤਰ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਅਤੇ ਮੰਡਲ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕਰ ਕੇ ਚੌਕਸ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਹਨ੍ਹੇਰੀ ਤੂਫ਼ਾਨ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ ਸਨ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।