ਐਗਜ਼ਿਟ ਪੋਲ 'ਚ ਕਿੰਗ ਮੇਕਰ ਦੱਸੇ ਜਾਣ ਤੋਂ ਬਾਅਦ ਦੇਵਗੌੜਾ ਨੇ ਦਿਤੇ ਗਠਜੋੜ ਦੇ ਸੰਕੇਤ
ਕਰਨਾਟਕ ਵਿਧਾਨ ਸਭਾ ਚੋਣਾਂ ਦਾ ਕੰਮ ਨਿਪਟਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੇ ਸਮੀਕਰਨ ਲਗਾਉਣ ਵਿਚ ਜੁਟ ਗਈਆਂ ਹਨ।
ਬੰਗਲੁਰੂ : ਕਰਨਾਟਕ ਵਿਧਾਨ ਸਭਾ ਚੋਣਾਂ ਦਾ ਕੰਮ ਨਿਪਟਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਆਪੋ ਅਪਣੇ ਸਮੀਕਰਨ ਲਗਾਉਣ ਵਿਚ ਜੁਟ ਗਈਆਂ ਹਨ। ਭਾਵੇਂ ਕਿ ਚੋਣਾਂ ਦਾ ਨਤੀਜਾ ਹਾਲੇ 15 ਮਈ ਨੂੰ ਆਉਣਾ ਹੈ ਪਰ ਐਗਜਿਟ ਪੋਲ ਵਿਚ ਜੇਡੀਐਸ ਦੇ ਮੁਖੀ ਐਚ ਡੀ ਦੇਵਗੌੜਾ ਨੂੰ ਕਿੰਗ ਮੇਕਰ ਦਸਿਆ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਗੱਲਾਂ-ਗੱਲਾਂ ਵਿਚ ਗਠਜੋੜ ਦੇ ਸੰਕੇਤ ਦੇ ਦਿਤੇ ਹਨ।
ਜੇਡੀਐਸ ਮੁਖੀ ਦੇਵਗੌੜਾ ਨੇ ਕਿਹਾ ਕਿ ਫਿਲਹਾਲ ਉਹ ਕਿਸੇ ਵੀ ਚੀਜ਼ ਨੂੰ ਸਵੀਕਾਰ ਕਰਨ ਜਾਂ ਫਿ਼ਰ ਖ਼ਾਰਜ ਕਰਨ ਦੀ ਸਥਿਤੀ ਵਿਚ ਨਹੀਂ ਹਨ। 15 ਮਈ ਨੂੰ ਵੋਟਾਂ ਦੀ ਗਿਣਤੀ ਹੈ ਅਤੇ ਫਿ਼ਰ ਦੇਖਦੇ ਹਾਂ ਕਿ ਕੀ ਨਤੀਜਾ ਆਉਂਦਾ ਹੈ। ਦੇਵਗੌੜਾ ਦਾ ਇਹ ਬਿਆਨ ਇਸ ਗੱਲ ਦਾ ਸੰਕੇਤ ਹੈ ਕਿ ਉਹ ਗਠਜੋੜ ਸਰਕਾਰ ਦਾ ਹਿੱਸਾ ਬਣ ਸਕਦੇ ਹਨ।
ਇਸ ਤੋਂ ਪਹਿਲਾਂ ਚੋਣਾਂ ਦੌਰਾਨ ਉਹ ਕਈ ਵਾਰ ਕਹਿ ਚੁੱਕੇ ਸਨ ਕਿ ਜੇਡੀਐਸ ਦਾ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਹੋਵੇਗਾ।ਦਸ ਦਈਏ ਕਿ ਸਨਿਚਰਵਾਰ ਨੂੰ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਜਾਰੀ ਜ਼ਿਆਦਾਤਰ ਐਗਜ਼ਿਟ ਪੋਲਜ਼ ਵਿਚ ਭਾਜਪਾ ਅਤੇ ਕਾਂਗਰਸ ਵਿਚਕਾਰ ਸੀਟਾਂ ਦਾ ਫ਼ਰਕ ਕਾਫ਼ੀ ਘੱਟ ਰਹਿਣ ਅਤੇ ਜੇਡੀਐਸ ਦੇ ਕਿੰਗਮੇਕਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਕਰ ਕੇ ਦੇਵਗੌੜਾ ਦਾ ਇਹ ਬਿਆਨ ਕਾਫ਼ੀ ਮਾਇਨੇ ਰੱਖਦਾ ਹੈ।
ਇਸੇ ਦੌਰਾਨ ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀਐਸ ਯੇਦੀਯੁਰੱਪਾ ਨੇ ਕਿਹਾ ਕਿ ਪੀਐਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਮੇਰੇ ਸੰਪਰਕ ਵਿਚ ਹਨ। ਹਰ ਕੋਈ ਪੂਰਨ ਬਹੁਮਤ ਨੂੰ ਲੈ ਕੇ ਭਰੋਸੇਮੰਦ ਹੈ। ਸਾਨੂੰ ਪੂਰਾ ਯਕੀਨ ਹੈ ਕਿ 17 ਮਈ ਨੂੰ ਅਸੀਂ ਸਰਕਾਰ ਦਾ ਗਠਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ 125 ਤੋਂ 130 ਸੀਟਾਂ ਜਿੱਤਾਂਗੇ ਜਦਕਿ ਕਾਂਗਰਸ ਮਹਿਜ਼ 70 ਸੀਟਾਂ ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ। ਯੇਦੀਯੁਰੱਪਾ ਨੇ ਕਿਹਾ ਕਿ ਜੇਡੀਐਸ 24 ਤੋਂ 25 ਸੀਟਾਂ ਹੀ ਮੁਸ਼ਕਲ ਨਾਲ ਜਿੱਤ ਸਕੇਗੀ।