ਹਰਿਆਣਾ 'ਚ ਨਮਾਜ਼ ਲਈ ਅਪਣੀਆਂ ਜ਼ਮੀਨਾਂ ਦੀ ਵਰਤੋਂ ਕਰੇਗਾ ਵਕਫ਼ ਬੋਰਡ
ਹਰਿਆਣਾ ਵਿਚ ਗੁੜਗਾਉਂ ਅਤੇ ਕੁੱਝ ਹੋਰ ਸਥਾਨਾਂ 'ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਵਲੋਂ ਵਿਰੋਧ ਕੀਤੇ ਜਾਣ ਦੀ ਵਜ੍ਹਾ ...
ਨਵੀਂ ਦਿੱਲੀ : ਹਰਿਆਣਾ ਵਿਚ ਗੁੜਗਾਉਂ ਅਤੇ ਕੁੱਝ ਹੋਰ ਸਥਾਨਾਂ 'ਤੇ ਖੁੱਲ੍ਹੇ ਵਿਚ ਨਮਾਜ਼ ਪੜ੍ਹਨ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਵਲੋਂ ਵਿਰੋਧ ਕੀਤੇ ਜਾਣ ਦੀ ਵਜ੍ਹਾ ਨਾਲ ਪੈਦਾ ਹੋਏ ਵਿਵਾਦ ਦੇ ਸਥਾਈ ਹੱਲ ਲਈ ਸੂਬਾਈ ਵਕਫ਼ ਬੋਰਡ ਨੇ ਅਪਣੇ ਅਧਿਕਾਰ ਖੇਤਰ ਦੀਆਂ ਜ਼ਮੀਨਾਂ ਦੀ ਵਰਤੋਂ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬੇ ਦੇ ਵਕਫ਼ ਬੋਰਡ ਨੇ ਨਮਾਜ਼ ਦੇ ਲਈ ਅਪਣੇ ਅਧਿਕਾਰ ਖੇਤਰ ਤਹਿਤ ਆਉਣ ਵਾਲੀਆਂ ਜ਼ਮੀਨਾਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕੀਤਾ ਹੈ।
ਬੋਰਡ ਦਾ ਕਹਿਣਾ ਹੈ ਕਿ ਸਿਰਫ਼ ਗੁੜਗਾਉਂ ਵਿਚ ਉਸ ਦੀਆਂ 20 ਅਜਿਹੀਆਂ ਜ਼ਮੀਨਾਂ ਹਨ, ਜਿਨ੍ਹਾਂ ਦੀ ਵਰਤੋਂ ਨਮਾਜ਼ ਲਈ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕੁੱਝ ਜ਼ਮੀਨਾਂ 'ਤੇ ਕਬਜ਼ਾ ਹੈ। ਹਰਿਆਣਾ ਵਕਫ਼ ਬੋਰਡ ਦੇ ਪ੍ਰਧਾਨ ਰਹੀਸ਼ ਖ਼ਾਨ ਨੇ ਦਸਿਆ ਕਿ ਅਸੀਂ ਸੂਬੇ ਵਿਚ ਇਨ੍ਹਾਂ ਇਲਾਕਿਆਂ ਵਿਚ ਅਪਣੀ ਸੰਪਤੀਆਂ ਦੀ ਪਛਾਣ ਕਰ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਜੁੰਮੇ ਦੀ ਨਮਾਜ਼ ਲਈ ਹੋ ਸਕਦੀ ਹੈ।
ਦਸ ਦਈਏ ਕਿ ਹਾਲ ਹੀ ਵਿਚ ਗੁੜਗਾਉਂ ਵਿਚ ਕੁੱਝ ਇਲਾਕਿਆਂ ਵਿਚ ਖੁੱਲ੍ਹੀ ਜਗ੍ਹਾ 'ਤੇ ਜੁੰਮੇ ਦੀ ਨਮਾਜ਼ ਪੜ੍ਹੇ ਜਾਣ ਦਾ ਕੁੱਝ ਹਿੰਦੂਵਾਦੀ ਸੰਗਠਨਾਂ ਨੇ ਵਿਰੋਧ ਕੀਤਾ ਸੀ। ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਸੀ ਕਿ ਨਮਾਜ਼ ਮਸਜਿਦਾਂ ਅਤੇ ਈਦਗਾਹਾਂ ਵਿਚ ਹੀ ਪੜ੍ਹੀ ਜਾਣੀ ਚਾਹੀਦੀ ਹੈ। ਬਾਅਦ ਵਿਚ ਪ੍ਰਸ਼ਾਸਨ ਨੇ ਜੁੰਮੇ ਦੀ ਨਮਾਜ਼ ਲਈ ਕੁੱਝ ਸਥਾਨਾਂ ਦੀ ਪਛਾਣ ਕੀਤੀ। ਹਾਲਾਂਕਿ ਕੁੱਝ ਸੰਗਠਨ ਇਸ ਦਾ ਵਿਰੋਧ ਕਰ ਰਹੇ ਹਨ।
ਰਹੀਸ਼ ਖ਼ਾਨ ਮੁਤਾਬਕ ਹਰਿਆਣਾ ਵਿਚ ਵਕਫ਼ ਬੋਰਡ ਕੋਲ ਕਰੀਬ 12 ਹਜ਼ਾਰ ਸੰਪਤੀਆਂ ਹਨ ਅਤੇ ਇਨ੍ਹਾਂ ਵਿਚੋਂ ਲਗਭਗ ਚਾਰ ਹਜ਼ਾਰ 'ਤੇ ਗ਼ੈਰਕਾਨੂੰਨੀ ਕਬਜ਼ਾ ਹੈ ਜੋ ਬੋਰਡ ਲਈ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਕਫ਼ ਸੰਪਤੀਆਂ ਦੇ ਲੀਜ਼ ਸਬੰਧੀ ਨਿਯਮਾਂ ਵਿਚ ਸਪੱਸ਼ਟਤਾ ਨਾ ਹੋਣ ਦੀ ਵਜ੍ਹਾ ਨਾਲ ਰਾਜ ਵਕਫ਼ ਬੋਰਡਾਂ ਨੂੰ ਕਾਫ਼ੀ ਦਿੱਕਤ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਘੱਟ ਗਿਣਤੀ ਕਾਰਜ ਮੰਤਰਾਲਾ ਨੇ ਲੀਜ਼ ਸਬੰਧੀ ਨਿਯਮਾਂ ਦੀ ਸਮੀਖਿਆ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।