ਸੁਮੇਧ ਸੈਣੀ ਨੂੰ ਬਾਦਲਾਂ ਦੇ ਚੈਨਲ ਵਲੋਂ ਚਲਾਏ ਏਜੰਡੇ ਕਰ ਕੇ ਹੋਈ ਜ਼ਮਾਨਤ
ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦਾ ਦਾਅਵਾ
ਨਵੀਂ ਦਿੱਲੀ, 12 ਮਈ (ਅਮਨਦੀਪ ਸਿੰਘ) : ਜਾਗੋ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਦਾਅਵਾ ਕੀਤਾ ਹੈ ਕਿ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿਚ ਮੋਹਾਲੀ ਅਦਾਲਤ ਵਲੋਂ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਦਿਤੀ ਗਈ ਜ਼ਮਾਨਤ ਦੇ ਅਖੌਤੀ ਤਾਰ ਬਾਦਲਾਂ ਦੇ ਨਿੱਜੀ ਚੈੱਨਲ ਨਾਲ ਜੁੜੇ ਹੋਏ ਹਨ। ਇਥੇ ਜਾਰੀ ਇਕ ਬਿਆਨ 'ਚ ਜੀ.ਕੇ. ਨੇ ਕਿਹਾ ਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਮੁਲਤਾਨੀ ਦੇ ਭਰਾ ਦੀ ਜਿਸ ਸ਼ਿਕਾਇਤ ਦੇ ਆਧਾਰ 'ਤੇ ਸੁਮੇਧ ਸੈਣੀ ਵਿਰੁਧ ਹੁਣ ਐਫ਼.ਆਈ.ਆਰ. ਦਰਜ ਕੀਤੀ ਹੈ,
ਉਸ ਦੇ ਪਿਛੇ ਸੈਣੀ ਦੇ ਪੁਰਾਣੇ ਸਾਥੀ ਗੁਰਮੀਤ ਸਿੰਘ ਪਿੰਕੀ ਕੈਟ ਵਲੋਂ 2015 ਵਿਚ 'ਆਊਟਲੁੱਕ' ਮੈਗ਼ਜ਼ੀਨ ਦੇ ਦਸੰਬਰ ਅੰਕ ਵਿਚ ਮੁਲਤਾਨੀ ਅਤੇ ਹੋਰਨਾਂ ਨੂੰ ਸੈਣੀ ਵਲੋਂ ਮਾਰਨ ਦੇ ਕੀਤੇ ਗਏ ਦਾਅਵਿਆਂ ਨੂੰ ਸੈਣੀ ਵਿਰੁਧ ਸਬੂਤ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਪਿੰਕੀ ਕੈਟ ਦਾ ਉਕਤ ਇੰਟਰਵਿਊ ਸੀਨੀਅਰ ਪੱਤਰਕਾਰ ਕੰਵਰ ਸੰਧੂ ਨੇ ਆਊਟਲੁੱਕ ਲਈ ਕੀਤਾ ਸੀ ਪਰ ਉਸ ਵੇਲੇ ਸੁਮੇਧ ਸੈਣੀ ਦੇ ਰਸੂਖ਼ ਕਾਰਨ ਪਿੰਕੀ ਕੈਟ ਨੇ ਪੰਜਾਬ ਦੇ ਇਕ ਨਿਊਜ਼ ਚੈਨਲ ਨੂੰ 2 ਦਿਨ ਬਾਅਦ ਦਿਤੇ ਅਪਣੇ ਇੰਟਰਵਿਊ ਵਿਚ ਆਊਟਲੁੱਕ ਉਤੇ ਕਹੀਆਂ ਗੱਲਾਂ ਦਬਾਅ ਵਿਚ ਬੋਲਣ ਦਾ ਦਾਅਵਾ ਕਰ ਦਿਤਾ ਸੀ। ਉਦੋਂ ਪਿੰਕੀ ਕੈਟ ਦੇ ਖ਼ੁਲਾਸੇ ਪਿਛੋਂ ਪੰਜਾਬ ਦਾ ਗ੍ਰਹਿ ਮੰਤਰੀ ਹੋਣ ਦੇ ਨਾਤੇ ਸੁਮੇਧ ਸੈਣੀ ਅਤੇ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਜ਼ਿੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਸੀ,
ਪਰ ਉਹ ਸੈਣੀ ਨੂੰ ਬਚਾਉਣ ਲਈ ਅਪਣੇ ਚੈਨਲ ਦੀ ਅਖੌਤੀ ਵਰਤੋਂ ਕਰਨ ਦੀ ਹਮਾਕਤ ਕਰ ਕੇ ਸਿੱਖਾਂ ਦੇ ਭਰੋਸੇ ਨੂੰ ਤੋੜਨ ਵਿਚ ਲੱਗੇ ਰਹੇ ਸਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿਹਾ ਸੈਣੀ ਦੇ ਵਕੀਲਾਂ ਨੇ ਸ਼ਨੀਵਾਰ ਨੂੰ ਮੋਹਾਲੀ ਕੋਰਟ ਵਿਚ ਪਿੰਕੀ ਕੈਟ ਦੇ ਨਿਊਜ਼ ਚੈਨਲ ਨੂੰ 2015 ਵਿਚ ਦਿਤੇ ਇੰਟਰਵਿਊ ਨੂੰ ਸੈਣੀ ਦੇ ਬਚਾਅ ਵਿਚ ਵਰਤ ਕੇ ਦਾਅਵਾ ਕੀਤਾ ਕਿ ਪਿੰਕੀ ਆਊਟਲੁੱਕ ਨੂੰ ਦਿੱਤੇ ਬਿਆਨ ਬਾਰੇ ਇਸ ਨਿਊਜ਼ ਚੈਨਲ ਉਤੇ ਮੁੱਕਰ ਗਿਆ ਸੀ, ਇਸ ਲਈ ਪਿੰਕੀ ਕੈਟ ਦਾ ਦਾਅਵਾ ਭਰੋਸੇ ਦੇ ਲਾਇਕ ਨਹੀਂ ਹੈ। ਸੈਣੀ ਦੇ ਵਕੀਲਾਂ ਦੀ ਉਕਤ ਦਲੀਲਾਂ ਨੂੰ ਅਦਾਲਤ ਨੇ ਅਪਣੇ 35 ਪੰਨਿਆਂ ਦੇ ਫ਼ੈਸਲੇ ਵਿਚ ਪੰਨਾ ਨੰਬਰ 13 ਉਤੇ ਚੰਗੀ ਤਰ੍ਹਾਂ ਦਰਜ ਕੀਤਾ ਹੈ। ਫ਼ੈਸਲੇ ਨੂੰ ਪੜ੍ਹਨ ਤੋਂ ਸਾਫ਼ ਪਤਾ ਚੱਲ ਦਾ ਹੈ ਕਿ ਸਮੇਧ ਸੈਣੀ ਨੂੰ ਜ਼ਮਾਨਤ ਦਿਵਾਉਣ ਵਿਚ ਇਸ ਦਲੀਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।