31 ਉਡਾਣਾਂ ਰਾਹੀਂ 6000 ਤੋਂ ਵੱਧ ਭਾਰਤੀਆਂ ਨੂੰ ਦੇਸ਼ ਵਿਚ ਲਿਆਂਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਅਰ ਇੰਡੀਆ ਅਤੇ ਇਸ ਦੀ ਭਾਈਵਾਲ ਏਅਰ ਇੰਡੀਆ ਐਕਸਪ੍ਰੈਸ ਨੇ ਵੰਦੇ ਮਾਤਰਮ ਮੁਹਿੰਮ ਦੇ ਪਹਿਲੇ ਪੰਜ ਦਿਨਾਂ ਦੌਰਾਨ 31 ਉਡਾਣਾਂ ਚਲਾਈਆਂ ਜਿਨ੍ਹਾਂ ਜ਼ਰੀਏ ਤਾਲਾਬੰਦੀ

File Photo

ਨਵੀਂ ਦਿੱਲੀ, 12 ਮਈ: ਏਅਰ ਇੰਡੀਆ ਅਤੇ ਇਸ ਦੀ ਭਾਈਵਾਲ ਏਅਰ ਇੰਡੀਆ ਐਕਸਪ੍ਰੈਸ ਨੇ ਵੰਦੇ ਮਾਤਰਮ ਮੁਹਿੰਮ ਦੇ ਪਹਿਲੇ ਪੰਜ ਦਿਨਾਂ ਦੌਰਾਨ 31 ਉਡਾਣਾਂ ਚਲਾਈਆਂ ਜਿਨ੍ਹਾਂ ਜ਼ਰੀਏ ਤਾਲਾਬੰਦੀ ਕਾਰਨ ਵਿਦੇਸ਼ਾਂ ਵਿਚ ਫਸੇ 6037 ਭਾਰਤੀਆਂ ਨੂੰ ਦੇਸ਼ ਵਿਚ ਲਿਆਂਦਾ ਗਿਆ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈ ਸੱਤ ਮਈ ਤੋਂ 14 ਮਈ ਵਿਚਾਲੇ ਕੁਲ 64 ਉਡਾਣਾਂ ਚਲਾਏਗੀ ਜਿਨ੍ਹਾਂ ਜ਼ਰੀਏ 12 ਦੇਸ਼ਾਂ ਵਿਚ ਫਸੇ ਲਗਭਗ 15 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ।

ਕੋਰੋਨਾ ਵਾਇਰਸ ਦੇ ਪਸਾਰ 'ਤੇ ਰੋਕ ਲਈ ਭਾਰਤ ਵਿਚ 25 ਮਾਰਚ ਤੋਂ ਤਾਲਾਬੰਦੀ ਲਾਗੂ ਹੈ। ਇਸ ਵਾਇਰਸ ਨਾਲ ਦੇਸ਼ ਵਿਚ ਹਾਲੇ ਤਕ 70 ਹਜ਼ਾਰ ਤੋਂ ਵੱਧ ਲੋਕ ਬੀਮਾਰੀ ਦੀ ਲਪੇਟ ਵਿਚ ਆਏ ਹਨ ਅਤੇ ਲਗਭਗ 2290 ਜਾਨ ਗਵਾ ਚੁਕੇ ਹਨ। ਨਾਗਰਿਕ ਉਡਾਣ ਮੰਤਰਾਲੇ ਨੇ ਕਿਹਾ, 'ਸੱਤ ਮਈ 2020 ਤੋਂ ਸ਼ੁਰੂ ਹੋ ਕੇ ਪੰਜ ਦਿਨਾ ਵਿਚ ਵੰਦੇ ਮਾਤਰਮ ਮਿਸ਼ਨ ਤਹਿਤ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਚਲਾਈਆਂ 31 ਉਡਾਣਾਂ ਰਾਹੀਂ 6037 ਭਾਰਤੀਆਂ ਨੂੰ ਵਾਪਸ ਲਿਆਂਦਾ।'  (ਏਜੰਸੀ)

ਏਅਰ ਇੰਡੀਆ ਦਾ ਮੁਲਾਜ਼ਮ ਪਾਜ਼ੇਟਿਵ
ਨਵੀਂ ਦਿੱਲੀ, 12 ਮਈ: ਏਅਰ ਇੰਡੀਆ ਦੇ ਮੁਲਾਜ਼ਮ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਮਗਰੋਂ ਏਅਰਲਾਈਨ ਨੇ ਦਿੱਲੀ ਵਿਚਲਾ ਅਪਣਾ ਮੁੱਖ ਦਫ਼ਤਰ ਦੋ ਦਿਨਾਂ ਲਈ ਬੰਦ ਕਰ ਦਿਤਾ ਗਿਆ ਹੈ ਤਾਕਿ ਇਮਾਰਤ ਨੂੰ ਲਾਗ ਮੁਕਤ ਕਰਨ ਦਾ ਕੰਮ ਕੀਤਾ ਜਾ ਸਕੇ।  
ਮੁਲਾਜ਼ਮ ਗੁਰਦਵਾਰਾ ਰਕਾਬਗੰਜ ਮਾਰਗ 'ਤੇ ਪੈਂਦੀ ਇਮਾਰਤ ਵਿਚ ਕੰਮ ਕਰਦਾ ਹੈ ਅਤੇ ਸੋਮਵਾਰ ਸ਼ਾਮ ਉਸ ਦੇ ਇਸ ਬੀਮਾਰੀ ਦੀ ਲਪੇਟ ਵਿਚ ਆਉਣ ਦੀ ਪੁਸ਼ਟੀ ਹੋਈ। ਸਰਕਾਰ ਦੁਆਰਾ ਚਲਾਈ ਜਾਂਦੀ ਏਅਰ ਇੰਡੀਆ ਹੀ ਸਿਰਫ਼ ਵੰਦੇ ਮਾਤਰਮ ਮੁਹਿੰਮ ਤਹਿਤ ਕੰਮ ਕਰ ਰਹੀ ਹੈ। ਇਸ ਮੁਹਿੰਮ ਤਹਿਤ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਲਿਆਂਦਾ ਜਾ ਰਿਹਾ ਹੈ। (ਏਜੰਸੀ)