ਗ਼ਲਤ ਟਵੀਟ ਲਈ ਸੰਬਿਤ ਪਾਤਰਾ ਵਿਰੁਧ ਕੇਸ
ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਵਿਰੁਧ ਕਾਂਗਰਸ ਪਾਰਟੀ ਅਤੇ ਇਸ ਦੇ ਮਰਹੂਮ ਆਗੂਆਂ ਵਿਰੁਧ ਇਤਰਾਜ਼ਯੋਗ ਟਵੀਟ ਕਰਨ
ਮੁੰਬਈ, 12 ਮਈ : ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਵਿਰੁਧ ਕਾਂਗਰਸ ਪਾਰਟੀ ਅਤੇ ਇਸ ਦੇ ਮਰਹੂਮ ਆਗੂਆਂ ਵਿਰੁਧ ਇਤਰਾਜ਼ਯੋਗ ਟਵੀਟ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਇੰਡੀਅਨ ਯੂਥ ਕਾਂਗਰਸ ਦੇ ਜਨਰਲ ਸਕੱਤਰ ਬ੍ਰਿਜਕਿਸ਼ੋਰ ਦੱਤ ਨੇ ਸੰਬਿਤ ਪਾਤਰਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ।
ਸੰਬਿਤ ਪਾਤਰਾ ਨੇ ਅਪਣੇ ਵਿਵਾਦਤ ਟਵੀਟ ਵਿਚ ਕਿਹਾ, 'ਜੇ ਇਹ ਮਹਾਂਮਾਰੀ ਕਾਂਗਰਸ ਦੇ ਸ਼ਾਸਨਕਾਲ ਦੌਰਾਨ ਆਈ ਹੁੰਦੀ ਤਾਂ ਮੁਖੌਟਾਵਾਂ 'ਤੇ 5000 ਕਰੋੜ ਰੁਪਏ, ਕੋਰੋਨਾ ਟੈਸਟ ਕਿੱਟਾਂ 'ਤੇ 7000 ਕਰੋੜ ਰੁਪਏ, ਸੈਨੇਟਾਈਜ਼ਰਜ਼ 'ਤੇ 20 ਹਜ਼ਾਰ ਕਰੋੜ ਰੁਪਏ ਅਤੇ 26 ਹਜ਼ਾਰ ਕਰੋੜ ਰੁਪਏ ਰਾਜੀਵ ਗਾਂਧੀ ਵਾਇਰਸ ਖੋਜ 'ਤੇ ਖ਼ਰਚ ਕੀਤੇ ਜਾਂਦੇ।' ਅਪਣੀ ਸ਼ਿਕਾਇਤ ਵਿਚ ਯੂਥ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਇਸ ਤੋਂ ਇਲਾਵਾ ਪਾਤਰਾ ਨੇ ਪੰਡਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਦੀਆਂ ਫ਼ੋਟੋਆਂ ਦੀ ਵਰਤੋਂ ਕਰਦਿਆਂ ਪਾਰਟੀ ਦੇ ਦਿੱਗ਼ਜ਼ ਆਗੂਆਂ ਨੂੰ ਬਦਨਾਮ ਕੀਤਾ ਹੈ। ਪੁਲਿਸ ਬੁਲਾਰੇ ਸੁਖਦਾ ਨਾਰਕਰ ਨੇ ਦਸਿਆ ਕਿ ਸੰਬਿਤ ਪਾਤਰਾ ਵਿਰੁਧ ਕਲਿਆਣ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਕੇਸ ਦਰਜ ਕੀਤਾ ਗਿਆ ਹੈ। (ਏਜੰਸੀ)