ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ: ਰਾਜਸਥਾਨ ਪੁਲਿਸ ਨੇ 4 ਲੋਕਾਂ ਵਿਰੁੱਧ ਕੀਤਾ ਕੇਸ ਦਰਜ
ਨੌਜਵਾਨ ਨੂੰ ਕੁੱਟਣ ਵਾਲੇ ਦੋਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇਸ ਮਾਮਲੇ ਵਿਚ ਸ਼ਾਮਲ ਦੋ ਹੋਰ ਲੋਕ ਫਰਾਰ ਹਨ, ਉਹਨਾਂ ਦੋਨਾਂ ਦੀ ਭਾਲ ਜਾਰੀ ਹੈ।
ਨਵੀਂ ਦਿੱਲੀ (ਸੁਖਰਾਜ ਸਿੰਘ) : ਰਾਜਸਥਾਨ ਵਿਚ ਕੁੱਝ ਲੋਕਾਂ ਵਲੋਂ ਇਕ ਸਿੱਖ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੇ ਉਸ ਦੇ ਕੇਸਾਂ ਦੀ ਬੇਅਬਦੀ ਕਰਨ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਮਾਮਲਾ ਰਾਜਸਥਾਨ ਪੁਲਿਸ ਕੋਲ ਚੁੱਕਿਆ ਜਿਸ ਮਗਰੋਂ ਪੁਲਿਸ ਨੇ ਮਾਮਲੇ ’ਚ ਚਾਰ ਲੋਕਾਂ ਵਿਰੁਧ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਰਾਜਸਥਾਨ ਦੀ ਇਹ ਘਟਨਾ ਦੀ ਵੀਡੀਉ ਆਈ ਸੀ, ਜਿਸ ਵਿਚ ਚਾਰ ਲੋਕਾਂ ਇਕ ਸਿੱਖ ਨੌਜਵਾਨ ਦੀ ਦਸਤਾਰ ਲਾਹ ਕੇ ਉਸ ਨੂੰ ਕੇਸਾਂ ਤੋਂ ਘੜੀਸ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਸ ਮਗਰੋਂ ਉਨ੍ਹਾਂ ਇਹ ਮਾਮਲਾ ਰਾਜਸਥਾਨ ਪੁਲਿਸ ਕੋਲ ਚੁੱਕਿਆ।
ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਕੁੱਟਣ ਵਾਲੇ ਦੋਨੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਇਸ ਮਾਮਲੇ ਵਿਚ ਸ਼ਾਮਲ ਦੋ ਹੋਰ ਲੋਕ ਫਰਾਰ ਹਨ, ਉਹਨਾਂ ਦੋਨਾਂ ਦੀ ਭਾਲ ਜਾਰੀ ਹੈ।