ਕੋਰੋਨਾ ਸੰਕਟ ਦੌਰਾਨ ਰਾਹੁਲ ਗਾਂਧੀ ਦਾ ਬਿਆਨ, ਵੈਕਸੀਨ, ਆਕਸੀਜਨ ਤੇ ਦਵਾਈਆਂ ਦੇ ਨਾਲ PM ਵੀ ਗਾਇਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।

PM Modi missing along with vaccines, oxygen, medicines: Rahul Gandhi

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਕਿਹਾ ਕਿ ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪੀਐਮ ਵੀ ਗਾਇਬ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪੀਐਮ ਵੀ ਗਾਇਬ ਹਨ। ਬਚੇ ਹਨ ਤਾਂ ਬਸ ਸੈਂਟਰਲ ਵਿਸਟਾ, ਦਵਾਈਆਂ ’ਤੇ ਜੀਐਸਟੀ ਅਤੇ ਇੱਧਰ-ਉਧਰ ਪੀਐਮ ਦੀ ਫੋਟੋ’।

ਇਸ ਤੋਂ ਪਹਿਲਾਂ ਸਾਬਕਾ ਕਾਂਗਰਸ ਪ੍ਰਧਾਨ ਨੇ ਬੀਤੇ ਦਿਨ ਟਵੀਟ ਕਰਦਿਆਂ ਲਿਖਿਆ ਸੀ, ‘ਵਾਰ-ਵਾਰ ਦੁਖਦਾਈ ਖ਼ਬਰਾਂ ਆ ਰਹੀਆਂ ਹਨ। ਬੁਨਿਆਦੀ ਸਮੱਸਿਆਵਾਂ ਹਾਲੇ ਤੱਕ ਹੱਲ਼ ਨਹੀਂ ਕੀਤੀਆਂ ਗਈਆਂ। ਇਸ ਮਹਾਂਮਾਰੀ ਵਿਚ ਕੇਂਦਰ ਸਰਕਾਰ ਦੀ ਬੇਰਹਿਮੀ ਨੂੰ ਅਸੀਂ ਕਦੋਂ ਤੱਕ ਸਹਾਂਗੇ? ਜਿਨ੍ਹਾਂ ਦੀ ਜਵਾਬਦੇਹੀ ਹੈ, ਉਹ ਕਿਤੇ ਲੁਕ ਕੇ ਬੈਠੇ ਹਨ’।

ਦੱਸ ਦਈਏ ਕਿ ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਸੰਕਟ ਦੌਰਾਨ ਦੇਸ਼ ਵਿਚ ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੀ ਕਮੀਂ ਦੇਖਣ ਨੂੰ ਮਿਲ ਰਹੀ ਹੈ।