ਕਰਨਾਟਕ ਵਿਧਾਨ ਸਭਾ ਚੋਣ ਨਤੀਜੇ : ਅੱਜ ਪਤਾ ਚਲੇਗਾ ਕਿਸ ਦੇ ਹੱਥ ਲੱਗੇਗੀ ਸੱਤਾ ਦੀ ਕੁੰਜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਬਸਵਰਾਜ ਬੋਮਈ, ਕਾਂਗਰਸ ਆਗੂ ਸਿਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਅਤੇ ਜਨਤਾ ਦਲ (ਐਸ) ਦੇ ਐਚ.ਡੀ. ਕੁਮਾਰਸਵਾਮੀ ਸਮੇਤ ਵੱਡੇ ਆਗੂਆਂ ਦਾ ਮਾਣ ਦਾਅ ’ਤੇ ਲੱਗਾ ਹੈ

Karnataka assembly election results

 

ਬੰਗਲੌਰ: ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਪੈਣ ਤੋਂ ਬਾਅਦ ਹੁਣ ਸਾਰਿਆਂ ਨੂੰ ਅੱਜ ਹੋਣ ਵਾਲੀ ਗਿਣਤੀ ਤੋਂ ਬਾਅਦ ਆਉਣ ਵਾਲੇ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਅਤੇ ਬੇਚੈਨੀ ਹੈ। ਇਸ ਵਾਰ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ, ਮੁੱਖ ਵਿਰੋਧੀ ਦਲ ਕਾਂਗਰਸ ਅਤੇ ਜਨਤਾ ਦਲ (ਸੈਕੁਲਰ) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਸੱਤਾ ਦੀ ਚਾਬੀ ਕਿਸ ਦੇ ਹੱਥ ਲਗਦੀ ਹੈ, ਇਹ ਅੱਜ ਸਾਫ਼ ਹੋ ਜਾਵੇਗਾ। ਸੂਬੇ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਬਸਵਰਾਜ ਬੋਮਈ, ਕਾਂਗਰਸ ਆਗੂ ਸਿਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਅਤੇ ਜਨਤਾ ਦਲ (ਐਸ) ਦੇ ਐਚ.ਡੀ. ਕੁਮਾਰਸਵਾਮੀ ਸਮੇਤ ਕਈ ਹੋਰ ਵੱਡੇ ਆਗੂਆਂ ਦਾ ਮਾਣ ਦਾਅ ’ਤੇ ਲੱਗਾ ਹੈ।

 

ਵੋਟਾਂ ਦੀ ਗਿਣਤੀ ਸੂਬੇ ਭਰ ਦੇ 36 ਕੇਂਦਰਾਂ ਵਿਚ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਚੋਣ ਅਧਿਕਾਰੀ ਉਮੀਦ ਪ੍ਰਗਟਾ ਰਹੇ ਹਨ ਕਿ ਸੂਬੇ ਦੇ ਸੰਭਾਵੀ ਸਿਆਸੀ ਤਸਵੀਰ ਦੁਪਹਿਰ ਤਕ ਸਪੱਸ਼ਟ ਹੋ ਜਾਵੇਗੀ। ਸੂਬੇ ਵਿਚ 224 ਮੈਂਬਰੀ ਵਿਧਾਨ ਸਭਾ ਲਈ 10 ਮਈ ਨੂੰ 73.19 ਫ਼ੀ ਸਦੀ ਨਾਲ ਰਿਕਾਰਡ ਵੋਟਾਂ ਪਈਆਂ ਸਨ। ਅਜਿਹੇ ਵਿਚ ਜਦੋਂ ਜ਼ਿਆਦਾਤਰ ‘ਚੋਣ ਸਰਵੇਖਣਾਂ’ ਵਿਚ ਕਾਂਗਰਸ ਅਤੇ ਭਾਜਪਾ ਵਿਚਾਲੇ ਸਖ਼ਤ ਮੁਕਾਬਲੇ ਦਾ ਅੰਦਾਜ਼ਾ ਲਗਾਇਆ ਗਿਆ ਹੈ ਤਾਂ ਦੋਹਾਂ ਦਲਾਂ ਦੇ ਆਗੂਆਂ ਵਿਚ ਨਤੀਜਿਆਂ ਨੂੰ ਲੈ ਕੇ ਬੇਚੈਨੀ ਵਧ ਗਈ ਹੈ, ਜਦੋਂਕਿ ਜਨਤਾ ਦਲ (ਐਸ) ਤਿਕੋਣੇ ਜਨ-ਆਦੇਸ਼ ਦੀ ਉਮੀਦ ਕਰ ਰਿਹਾ ਹੈ, ਤਾਕਿ ਉਸ ਨੂੰ ਸਰਕਾਰ ਦੇ ਗਠਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਦਾ ਮੌਕਾ ਮਿਲ ਸਕੇ।

 

 ਜ਼ਿਆਦਾਤਰ ਸਰਵੇਖਣਾਂ ਨੇ ਸੱਤਾਧਾਰੀ ਭਾਜਪਾ ’ਤੇ ਕਾਂਗਰਸ ਦੀ ਬੜ੍ਹਤ ਦੱਸੀ ਹੈ। ਹਾਲਾਂਕਿ ਕੁਝ ਨੇ ਸੂਬੇ ਵਿਚ ਤਿਕੋਣੀ ਵਿਧਾਨ ਸਭਾ ਦੀਆਂ ਸੰਭਾਵਨਾਵਾਂ ਦੇ ਵੀ ਸੰਕੇਤ ਦਿਤੇ ਹਨ। ਸੂਬੇ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸੂਬੇ ਦੀ ਸੱਤਾ ਵਿਚ ਕ੍ਰਮਵਾਰ ਬਦਲਾਅ ਦੀ 38 ਸਾਲ ਪੁਰਾਣੀ ਰੀਤ ਤੋੜਨ ਦੀ ਉਮੀਦ ਵਿਚ ਹੈ। ਇਸ ਦੇ ਲਈ ਪਾਰਟੀ ਮੋਦੀ ਪ੍ਰਭਾਵ ’ਤੇ ਭਰੋਸਾ ਕਰ ਰਹੀ ਹੈ। ਉਥੇ ਹੀ ਕਾਂਗਰਸ ਵੀ ਇਸ ਚੋਣ ਵਿਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ।

 

ਉਥੇ ਇਹ ਵੀ ਦੇਖਣਾ ਬਾਕੀ ਹੈ ਕਿ ਤਿਕੋਣੇ ਜਨ-ਆਦੇਸ਼ ਦੀ ਸਥਿਤੀ ਵਿਚ ਕੀ ਸਰਕਾਰ ਬਣਾਉਣ ਦੀ ਕੁੰਜੀ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐਸ) ਕੋਲ ਹੋਵੇਗੀ? ਦਿੱਲੀ ਅਤੇ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀ ਇਸ ਵਿਧਾਨ ਸਭਾ ਚੋਣਾਂ ਵਿਚ ਅਪਣੇ ਉਮੀਦਵਾਰ ਉਤਾਰੇ ਹਨ।