ਸਚਿਨ ਤੇਂਦੂਲਕਰ ਨੇ ਧੋਖਾਧੜੀ ਦਾ ਕੇਸ ਕਰਵਾਇਆ ਦਰਜ, ਕਿਹਾ: ਮੇਰੀ ਆਵਾਜ਼ ਵਰਤ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਚਿਨ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀ ਸੀ

Sachin Tendulkar

ਮੁੰਬਈ - ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ 'ਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਉਨ੍ਹਾਂ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਇੰਟਰਨੈੱਟ 'ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰਾਂ 'ਚ ਉਨ੍ਹਾਂ ਦੇ ਨਾਂ, ਫੋਟੋ ਅਤੇ ਆਵਾਜ਼ ਦੀ ਵਰਤੋਂ ਕੀਤੀ ਗਈ ਹੈ। 
ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 420, 465 ਅਤੇ 500 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਸ ਵਿਚ ਧੋਖਾਧੜੀ, ਜਾਅਲਸਾਜ਼ੀ ਅਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਸ਼ਾਮਲ ਹਨ। ਸਚਿਨ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ਿਕਾਇਤ ਤੇਂਦੁਲਕਰ ਵੱਲੋਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦਰਜ ਕਰਵਾਈ ਹੈ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਇੰਟਰਨੈੱਟ 'ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰ 'ਚ ਸਚਿਨ ਦੇ ਨਾਂ, ਫੋਟੋ ਅਤੇ ਆਵਾਜ਼ ਦੀ ਵਰਤੋਂ ਕੀਤੀ ਗਈ ਹੈ।

 

ਇਸ ਦੇ ਨਾਲ ਹੀ ਇਸ਼ਤਿਹਾਰ ਵਿਚ ਹੇਠਾਂ ਲਿਖਿਆ ਗਿਆ ਸੀ ਕਿ ਉਤਪਾਦ ਦੀ ਸਿਫ਼ਾਰਿਸ਼ ਸਚਿਨ ਨੇ ਖ਼ੁਦ ਕੀਤੀ ਹੈ। ਇਸ ਰਾਹੀਂ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਸਚਿਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਸਚਿਨ ਦੀ ਫੋਟੋ ਦੀ ਦੁਰਵਰਤੋਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਦੇ ਸ਼ੁਰੂ ਵਿਚ, ਗੋਆ ਵਿਚ ਬਿਗ ਡੈਡੀਜ਼ ਨਾਮ ਦੇ ਇੱਕ ਕੈਸੀਨੋ ਨੇ ਉਨ੍ਹਾਂ ਦੀ ਇਜਾਜ਼ਤ ਲਏ ਬਿਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਚਿਨ ਦੀ ਫੋਟੋ ਦੀ ਵਰਤੋਂ ਕੀਤੀ ਸੀ।

ਸਚਿਨ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀ ਸੀ। ਹਾਲਾਂਕਿ ਸਚਿਨ ਨੇ ਆਪਣੀ ਪੋਸਟ 'ਚ ਕੈਸੀਨੋ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ। ਸਚਿਨ ਨੇ ਕਿਹਾ- ਮੇਰੀ ਕਾਨੂੰਨੀ ਟੀਮ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ, ਕਿਉਂਕਿ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਜ਼ਰੂਰੀ ਸੀ, ਇਸ ਲਈ ਮੈਂ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ।