Black out: ਰਾਜਸਥਾਨ ’ਚ ਬਲੈਕਆਊਟ ਖ਼ਤਮ, ਸਰਹੱਦੀ ਜ਼ਿਲ੍ਹਿਆਂ ’ਚ ਸਕੂਲ ਤੇ ਬਾਜ਼ਾਰ ਖੁੱਲ੍ਹੇ
ਰਾਜਸਥਾਨ ਪਾਕਿਸਤਾਨ ਨਾਲ 1,070 ਕਿਲੋਮੀਟਰ ਲੰਬੀ ਸਰਹੱਦ ਸਾਂਝੀ
ਜੈਪੁਰ: ਰਾਜਸਥਾਨ ਦੇ ਸਰਹੱਦੀ ਜ਼ਿਲ੍ਹਿਆਂ ’ਚ ਹਾਲਾਤ ਆਮ ਵਾਂਗ ਹੋਣ ਦੇ ਨਾਲ ਹੀ ਬੀਕਾਨੇਰ, ਸ੍ਰੀ ਗੰਗਾਨਗਰ ਅਤੇ ਜੋਧਪੁਰ ’ਚ ਵਿਦਿਅਕ ਸੰਸਥਾਵਾਂ ਮੰਗਲਵਾਰ ਨੂੰ ਮੁੜ ਖੁੱਲ੍ਹ ਗਈਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿਤਾ ਕਿ ਹੁਣ ਕੋਈ ਬਿਜਲੀ ਬੰਦ ਨਹੀਂ ਹੋਵੇਗੀ। ਹਾਲਾਂਕਿ, ਵਸਨੀਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਰਾਜਸਥਾਨ ਪਾਕਿਸਤਾਨ ਨਾਲ 1,070 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਤਣਾਅ ਕਾਰਨ ਰਾਜਸਥਾਨ ਦੇ ਕਈ ਸਰਹੱਦੀ ਜ਼ਿਲ੍ਹਿਆਂ ਵਿਚ ਸਾਵਧਾਨੀ ਦੇ ਤੌਰ ’ਤੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਬੰਦ ਕਰ ਦਿਤੀਆਂ ਗਈਆਂ ਹਨ। ਹਾਲਾਂਕਿ, ਸਨਿਚਰਵਾਰ ਨੂੰ ਜਦੋਂ ਦੋਵੇਂ ਦੇਸ਼ ਸੰਘਰਸ਼ ਨੂੰ ਖਤਮ ਕਰਨ ਲਈ ਸਹਿਮਤੀ ’ਤੇ ਪਹੁੰਚੇ, ਸਥਿਤੀ ਆਮ ਹੋ ਰਹੀ ਹੈ ਅਤੇ ਪ੍ਰਸ਼ਾਸਨ ਨੇ ਪਾਬੰਦੀਆਂ ’ਚ ਢਿੱਲ ਦੇਣੀ ਸ਼ੁਰੂ ਕਰ ਦਿਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਗੰਗਾਨਗਰ, ਜੋਧਪੁਰ ਅਤੇ ਬੀਕਾਨੇਰ ’ਚ ਵਿਦਿਅਕ ਗਤੀਵਿਧੀਆਂ ਬੰਦ ਰੱਖਣ ਦੇ ਹੁਕਮ ਨੂੰ ਵਾਪਸ ਲੈ ਲਿਆ ਹੈ। ਸ੍ਰੀ ਗੰਗਾਨਗਰ ਪ੍ਰਸ਼ਾਸਨ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਤਰ੍ਹਾਂ ਦੇ ਵਿਦਿਅਕ ਅਦਾਰੇ 13 ਮਈ ਤੋਂ ਨਿਯਮਤ ਵਿਦਿਅਕ ਗਤੀਵਿਧੀਆਂ ਕਰ ਸਕਣਗੇ। ਇਸ ਦੇ ਨਾਲ ਹੀ ਸ਼ਾਮ 7 ਵਜੇ ਤੋਂ ਸੂਰਜ ਚੜ੍ਹਨ ਤਕ ਬਾਜ਼ਾਰ ਬੰਦ ਰੱਖਣ ਸਮੇਤ ਹੋਰ ਮਨਾਹੀ ਦੇ ਹੁਕਮ ਤੁਰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਹਨ।