Delhi News : ਕਰਨਲ ਸੋਫੀਆ ਕੁਰੈਸ਼ੀ ’ਤੇ ਇਤਰਾਜ਼ਯੋਗ ਟਿਪਣੀ ਨੂੰ ਲੈ ਕੇ ਕਾਂਗਰਸ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ
Delhi News : ਹਾਲਾਂਕਿ ਵਿਵਾਦ ਭਖਣ ਤੋਂ ਬਾਅਦ ਸ਼ਾਹ ਨੇ ਬਾਅਦ ’ਚ ਦਾਅਵਾ ਕੀਤਾ ਕਿ ਕੁੱਝ ਲੋਕ ਉਨ੍ਹਾਂ ਦੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
Delhi News in Punjabi : ਕਾਂਗਰਸ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਅਤੇ ਮੱਧ ਪ੍ਰਦੇਸ਼ ਦੇ ਮੰਤਰੀ ਵਿਜੇ ਸ਼ਾਹ ਵਲੋਂ ਕਰਨਲ ਸੋਫੀਆ ਕੁਰੈਸ਼ੀ ’ਤੇ ਕਥਿਤ ਇਤਰਾਜ਼ਯੋਗ ਟਿਪਣੀ ਕਰਨ ਨੂੰ ਲੈ ਕੇ ਮੰਗਲਵਾਰ ਨੂੰ ਭਾਜਪਾ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਕਾਂਗਰਸ ਨੇ ਇਕ ਵੀਡੀਉ ਸਾਂਝਾ ਕੀਤਾ, ਜਿਸ ’ਚ ਸ਼ਾਹ ਕਥਿਤ ਤੌਰ ’ਤੇ ਇਤਰਾਜ਼ਯੋਗ ਟਿਪਣੀ ਕਰਦੇ ਸੁਣੇ ਜਾ ਸਕਦੇ ਹਨ ਕਿ ‘ਜਿਨ੍ਹਾਂ ਨੇ ਸਾਡੀਆਂ ਧੀਆਂ ਦੇ ਮੱਥੇ ਤੋਂ ਸਿੰਦੂਰ ਪੂੰਝਿਆ... ਅਸੀਂ ਉਨ੍ਹਾਂ ਦੀ ਭੈਣ ਨੂੰ ਹੀ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਭੇਜਿਆ।’ ਹਾਲਾਂਕਿ ਵਿਵਾਦ ਭਖਣ ਤੋਂ ਬਾਅਦ ਸ਼ਾਹ ਨੇ ਬਾਅਦ ’ਚ ਦਾਅਵਾ ਕੀਤਾ ਕਿ ਕੁੱਝ ਲੋਕ ਉਨ੍ਹਾਂ ਦੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਵਾਲੇ ਭਾਰਤੀ ਬਲਾਂ ਵਲੋਂ ਕੀਤੀਆਂ ਗਈਆਂ ਕਾਰਵਾਈਆਂ ਦਾ ਸਨਮਾਨ ਕਰਦੇ ਹਾਂ, ਜਿਸ ਵਿਚ ਸਾਡੀਆਂ ਭੈਣਾਂ ਦੇ ਮੱਥੇ ਤੋਂ ਸਿੰਦੂਰ ਮਿਟਾ ਦਿਤਾ ਗਿਆ ਸੀ। ਮੈਂ ਉਨ੍ਹਾਂ ਲੋਕਾਂ ਨੂੰ ਕੁੱਝ ਨਹੀਂ ਕਹਿਣਾ ਚਾਹੁੰਦਾ ਜੋ ਮੇਰੀ ਟਿਪਣੀ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਉਹ (ਕੁਰੈਸ਼ੀ) ਇਕ ਭੈਣ ਹੈ ਜਿਸ ਨੇ ਸਾਡੀ ਇੱਜ਼ਤ ਵਧਾਈ ਹੈ, ਇਸ ਨੂੰ ਕਿਸੇ ਹੋਰ ਸੰਦਰਭ ਵਿਚ ਨਹੀਂ ਵੇਖਿਆ ਜਾਣਾ ਚਾਹੀਦਾ। ਅਸੀਂ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।’’
ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਿ ਭਾਜਪਾ-ਆਰ.ਐਸ.ਐਸ. ਦੀ ਮਾਨਸਿਕਤਾ ਹਮੇਸ਼ਾ ਮਹਿਲਾ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ, ‘‘ਪਹਿਲਾਂ ਉਨ੍ਹਾਂ ਨੇ ਪਹਿਲਗਾਮ ’ਚ ਸ਼ਹੀਦ ਹੋਏ ਸਮੁੰਦਰੀ ਫ਼ੌਜ ਅਧਿਕਾਰੀ ਦੀ ਪਤਨੀ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ, ਫਿਰ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੀ ਬੇਟੀ ਨੂੰ ਪਰੇਸ਼ਾਨ ਕੀਤਾ ਅਤੇ ਹੁਣ ਭਾਜਪਾ ਦੇ ਮੰਤਰੀ ਸਾਡੀ ਬਹਾਦਰ ਸੋਫੀਆ ਕੁਰੈਸ਼ੀ ਬਾਰੇ ਅਜਿਹੀਆਂ ਭੱਦੀਆਂ ਟਿਪਣੀਆਂ ਕਰ ਰਹੇ ਹਨ। ਮੋਦੀ ਜੀ ਨੂੰ ਅਜਿਹੇ ਮੰਤਰੀ ਨੂੰ ਤੁਰਤ ਬਰਖਾਸਤ ਕਰ ਦੇਣਾ ਚਾਹੀਦਾ ਹੈ।’’
ਕਥਿਤ ਟਿਪਣੀ ਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਮੀਡੀਆ ਅਤੇ ਪ੍ਰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਬਿਲਕੁਲ ਮੁਆਫ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨਕਲੀ ਰਾਸ਼ਟਰਵਾਦੀਆਂ ਨੂੰ ਸਾਡੇ ਬਹਾਦਰ ਹਥਿਆਰਬੰਦ ਬਲਾਂ ਦਾ ਕੋਈ ਸਤਿਕਾਰ ਨਹੀਂ ਹੈ।’’ ਉਨ੍ਹਾਂ ਇਹ ਵੀ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਮੰਤਰੀ ਵਿਰੁਧ ਕਾਰਵਾਈ ਕਰਨਗੇ।
(For more news apart from Congress targets BJP over objectionable comment on Colonel Sophia Qureshi News in Punjabi, stay tuned to Rozana Spokesman)