India-Pakistan: ਕਸ਼ਮੀਰ ਮੁੱਦਾ ਸਿਰਫ਼ ਭਾਰਤ ਅਤੇ ਪਾਕਿਸਤਾਨ ਦਾ ਮਾਮਲਾ ਹੈ: ਵਿਦੇਸ਼ ਮੰਤਰਾਲਾ
ਜਦੋਂ ਤਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ, ਭਾਰਤ ਸਿੰਧੂ ਜਲ ਸਮਝੌਤਾ ਮੁਲਤਵੀ ਰਹੇਗਾ : ਰਣਧੀਰ ਜੈਸਵਾਲ
ਨਵੀਂ ਦਿੱਲੀ : ਭਾਰਤ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਕਸ਼ਮੀਰ ’ਤੇ ਉਸ ਦਾ ਲੰਮੇ ਸਮੇਂ ਤੋਂ ਇਹ ਰੁਖ ਰਿਹਾ ਹੈ ਕਿ ਇਹ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਾਲੇ ਦੁਵਲਾ ਮੁੱਦਾ ਹੈ ਅਤੇ ਇਸ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਹ ਦਾਅਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਨਵੀਂ ਪੇਸ਼ਕਸ਼ ਦੇ ਪਿਛੋਕੜ ਵਿਚ ਆਇਆ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਸਾਡਾ ਲੰਮੇ ਸਮੇਂ ਤੋਂ ਕੌਮੀ ਰੁਖ ਰਿਹਾ ਹੈ ਕਿ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਨਾਲ ਹੱਲ ਕਰਨਾ ਹੋਵੇਗਾ। ਇਹ ਨੀਤੀ ਨਹੀਂ ਬਦਲੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਕਾਇਆ ਮਾਮਲਾ ਪਾਕਿਸਤਾਨ ਵਲੋਂ ਗੈਰ-ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰ ਨੂੰ ਛੱਡਣਾ ਹੈ।’’
ਜੈਸਵਾਲ ਟਰੰਪ ਦੀ ਪੇਸ਼ਕਸ਼ ਬਾਰੇ ਇਕ ਸਵਾਲ ਦਾ ਜਵਾਬ ਦੇ ਰਹੇ ਸਨ। ਟਰੰਪ ਵਲੋਂ ਪ੍ਰਮਾਣੂ ਜੰਗ ਦੀਆਂ ਕਿਆਸਅਰਾਈਆਂ ’ਤੇ ਜੈਸਵਾਲ ਨੇ ਕਿਹਾ ਕਿ ਫੌਜੀ ਕਾਰਵਾਈ ਪੂਰੀ ਤਰ੍ਹਾਂ ਰਵਾਇਤੀ ਖੇਤਰ ’ਚ ਸੀ।
ਉਨ੍ਹਾਂ ਕਿਹਾ, ‘‘ਕੁੱਝ ਰੀਪੋਰਟਾਂ ਆਈਆਂ ਸਨ ਕਿ ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਟੀ ਦੀ ਬੈਠਕ 10 ਮਈ ਨੂੰ ਹੋਣ ਵਾਲੀ ਸੀ। ਪਰ ਬਾਅਦ ’ਚ ਉਨ੍ਹਾਂ ਨੇ ਇਸ ਤੋਂ ਇਨਕਾਰ ਕਰ ਦਿਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਖੁਦ ਰੀਕਾਰਡ ’ਤੇ ਪ੍ਰਮਾਣੂ ਹਮਲੇ ਤੋਂ ਇਨਕਾਰ ਕੀਤਾ ਹੈ।’’
ਉਨ੍ਹਾਂ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਦਾ ਦ੍ਰਿੜ ਰੁਖ ਹੈ ਕਿ ਉਹ ਪ੍ਰਮਾਣੂ ਬਲੈਕਮੇਲ ਦੇ ਅੱਗੇ ਨਹੀਂ ਝੁਕੇਗਾ ਅਤੇ ਨਾ ਹੀ ਸਰਹੱਦ ਪਾਰ ਅਤਿਵਾਦ ਨੂੰ ਅੰਜਾਮ ਦੇਣ ਦੀ ਇਜਾਜ਼ਤ ਦੇਵੇਗਾ। ਵੱਖ-ਵੱਖ ਦੇਸ਼ਾਂ ਨਾਲ ਗੱਲਬਾਤ ਦੌਰਾਨ ਅਸੀਂ ਇਹ ਵੀ ਚੇਤਾਵਨੀ ਦਿਤੀ ਕਿ ਅਜਿਹੇ ਹਾਲਾਤ ਨੂੰ ਅਪਣਾਉਣ ਨਾਲ ਉਨ੍ਹਾਂ ਦੇ ਅਪਣੇ ਖੇਤਰ ’ਚ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।’’
ਜੈਸਵਾਲ ਨੇ ਕਿਹਾ ਕਿ ਭਾਰਤ ਸਿੰਧੂ ਜਲ ਸਮਝੌਤੇ ਨੂੰ ਉਦੋਂ ਤਕ ਮੁਲਤਵੀ ਰੱਖੇਗਾ ਜਦੋਂ ਤਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰ ਦਿੰਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਉਦਯੋਗਿਕ ਪੱਧਰ ’ਤੇ ਅਤਿਵਾਦ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ‘ਆਪਰੇਸ਼ਨ ਸੰਧੂਰ’ ਤਹਿਤ ਭਾਰਤ ਨੇ ਜਿਸ ਅਤਿਵਾਦੀ ਢਾਂਚੇ ਨੂੰ ਤਬਾਹ ਕੀਤਾ, ਉਹ ਨਾ ਸਿਰਫ ਭਾਰਤੀਆਂ ਦੀ ਮੌਤ ਲਈ ਜ਼ਿੰਮੇਵਾਰ ਹੈ, ਬਲਕਿ ਦੁਨੀਆਂ ਭਰ ਦੇ ਕਈ ਹੋਰ ਬੇਕਸੂਰਾਂ ਦੀ ਮੌਤ ਲਈ ਜ਼ਿੰਮੇਵਾਰ ਹੈ।