ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਨੁਪੁਰ ਸ਼ਰਮਾ ਨੇ ਭਿਵੰਡੀ ਪੁਲਿਸ ਸਾਹਮਣੇ ਪੇਸ਼ ਹੋਣ ਲਈ ਮੰਗਿਆ ਸਮਾਂ
ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਰਮਾ ਨੂੰ ਸਮਾਂ ਦਿੱਤਾ ਗਿਆ ਹੈ ਅਤੇ ਉਹ ਅੱਜ ਭਿਵੰਡੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ।
ਠਾਣੇ - ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਬੁਲਾਰੇ ਨੁਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖਿਲਾਫ਼ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿਚ ਸੋਮਵਾਰ ਨੂੰ ਮਹਾਰਾਸ਼ਟਰ ਦੀ ਭਿਵੰਡੀ ਪੁਲਿਸ ਸਾਹਮਣੇ ਪੇਸ਼ ਹੋਣ ਲਈ ਸਮਾਂ ਮੰਗਿਆ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।
ਪੁਲਿਸ ਨੇ ਨੁਪੁਰ ਸ਼ਰਮਾ ਨੂੰ ਬਿਆਨ ਦਰਜ ਕਰਨ ਲਈ ਤਲਬ ਕੀਤਾ ਸੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ਰਮਾ ਨੂੰ ਸਮਾਂ ਦਿੱਤਾ ਗਿਆ ਹੈ ਅਤੇ ਉਹ ਅੱਜ ਭਿਵੰਡੀ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ।
ਉਨ੍ਹਾਂ ਦੱਸਿਆ ਕਿ ਭਿਵੰਡੀ ਪੁਲਿਸ ਨੇ ਰਜ਼ਾ ਅਕੈਡਮੀ ਦੇ ਇੱਕ ਨੁਮਾਇੰਦੇ ਵੱਲੋਂ 30 ਮਈ ਨੂੰ ਦਰਜ ਕਰਵਾਈ ਸ਼ਿਕਾਇਤ 'ਤੇ ਨੁਪੁਰ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਨੂਪੁਰ ਨੇ ਇਕ ਨਿਊਜ਼ ਚੈਨਲ 'ਤੇ ਬਹਿਸ ਦੌਰਾਨ ਕਥਿਤ ਇਤਰਾਜ਼ਯੋਗ ਬਿਆਨ ਦਿੱਤਾ ਸੀ। ਭਾਜਪਾ ਦੇ ਸਾਬਕਾ ਕਾਰਜਕਾਰੀ ਨਵੀਨ ਕੁਮਾਰ ਜਿੰਦਲ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਭਿਵੰਡੀ ਪੁਲਿਸ ਨੇ ਜਿੰਦਲ ਨੂੰ ਪੈਗੰਬਰ ਮੁਹੰਮਦ ਖਿਲਾਫ਼ ਕੀਤੇ ਕਥਿਤ ਵਿਵਾਦਿਤ ਟਵੀਟ ਨੂੰ ਲੈ ਕੇ 15 ਜੂਨ ਨੂੰ ਆਪਣਾ ਬਿਆਨ ਦਰਜ ਕਰਨ ਲਈ ਕਿਹਾ ਹੈ।
ਇਸੇ ਦੌਰਾਨ ਭਿਵੰਡੀ ਸ਼ਹਿਰ ਦੀ ਪੁਲਿਸ ਨੇ ਐਤਵਾਰ ਨੂੰ ਪੈਗੰਬਰ ਮੁਹੰਮਦ ਬਾਰੇ ਅਪਮਾਨਜਨਕ ਟਿੱਪਣੀ ਕਰਨ ਅਤੇ ਨੂਪੁਰ ਸ਼ਰਮਾ ਦੀ ਕਥਿਤ ਵਿਵਾਦਿਤ ਟਿੱਪਣੀ ਦਾ ਸਮਰਥਨ ਕਰਨ ਦੇ ਦੋਸ਼ ਵਿਚ ਇੱਕ 19 ਸਾਲਾ ਮੁਸਲਿਮ ਵਿਅਕਤੀ ਨੂੰ ਹਿਰਾਸਤ ਵਿਚ ਲਿਆ। ਭਿਵੰਡੀ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਜ਼ੋਨ-2) ਯੋਗੇਸ਼ ਚਵਾਨ ਨੇ ਐਤਵਾਰ ਰਾਤ ਨੂੰ ਕਿਹਾ ਕਿ ਵਿਅਕਤੀ ਨੇ ਮੁਆਫੀ ਮੰਗ ਲਈ ਹੈ। ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153ਏ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਚਵਾਨ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ 'ਚ ਪੁਲਿਸ ਦੀ ਮਦਦ ਕਰਨ।
ਠਾਣੇ ਦੀ ਮੁੰਬਰਾ ਪੁਲਿਸ ਨੇ ਨੁਪੁਰ ਸ਼ਰਮਾ ਨੂੰ 22 ਜੂਨ ਨੂੰ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਅਤੇ ਉਸ ਦੀ ਟਿੱਪਣੀ 'ਤੇ ਬਿਆਨ ਦਰਜ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮੁੰਬਈ ਪੁਲਿਸ ਨੇ ਵੀ ਉਸ ਨੂੰ 25 ਜੂਨ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਹੈ। ਪੁਲਿਸ ਨੇ ਸਬੰਧਤ ਨਿਊਜ਼ ਚੈਨਲ ਤੋਂ ਉਸ ਬਹਿਸ ਦੀ ਵੀਡੀਓ ਵੀ ਮੰਗੀ ਹੈ ਜਿਸ ਵਿੱਚ ਟਿੱਪਣੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ।
ਮਹੱਤਵਪੂਰਨ ਗੱਲ ਇਹ ਹੈ ਕਿ ਪੈਗੰਬਰ ਮੁਹੰਮਦ ਬਾਰੇ ਉਸ ਦੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਭਾਜਪਾ ਨੇ 5 ਜੂਨ ਨੂੰ ਨੁਪੁਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਅਤੇ ਜਿੰਦਲ ਨੂੰ ਬਰਖ਼ਾਸਤ ਕਰ ਦਿੱਤਾ ਸੀ।