ਸਿੱਧੂ ਮੂਸੇਵਾਲਾ ਮਾਮਲਾ: ਪੁਣੇ ਪੁਲਿਸ ਨੇ ਸ਼ੂਟਰ ਸੰਤੋਸ਼ ਜਾਧਵ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਣੇ, ਪੰਜਾਬ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਸ਼ੂਟਰ ਨੂੰ ਗੁਜਰਾਤ ਤੋਂ ਕੀਤਾ ਗ੍ਰਿਫ਼ਤਾਰ

Pune police arrest shooter Santosh Jadhav

 

ਪੁਣੇ : ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਲੱਗੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਇਸ ਕਤਲ ਵਿੱਚ ਸ਼ਾਮਲ ਸੰਤੋਸ਼ ਜਾਧਵ ਨੂੰ ਪੁਣੇ, ਪੰਜਾਬ ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਧਵ ਨੂੰ ਉਸ ਦੇ ਇਕ ਸਾਥੀ ਨਵਨਾਥ ਸੂਰਿਆਵੰਸ਼ੀ ਸਮੇਤ ਫੜਿਆ ਗਿਆ ਹੈ।

 

ਮੰਨਿਆ ਜਾ ਰਿਹਾ ਹੈ ਕਿ ਇਸ ਕਤਲ ਵਿੱਚ ਸੰਤੋਸ਼ ਜਾਧਵ ਵੀ ਸ਼ਾਮਲ ਸੀ। ਪੁਲਿਸ ਨੇ ਐਤਵਾਰ ਦੇਰ ਰਾਤ ਸੰਤੋਸ਼ ਜਾਧਵ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਉਸ ਨੂੰ 20 ਜੂਨ ਤੱਕ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਜਾਧਵ ਪੁਣੇ ਨੇੜੇ ਖੇੜ ਤਹਿਸੀਲ ਦਾ ਵਸਨੀਕ ਹੈ। ਅਧਿਕਾਰੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਜਾਧਵ ਨੂੰ 2021 ਵਿੱਚ ਪੁਣੇ ਜ਼ਿਲ੍ਹੇ ਦੇ ਮੰਚਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੇ ਗਏ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਹ ਇੱਕ ਸਾਲ ਤੋਂ ਭਗੌੜਾ ਸੀ ਅਤੇ ਮੂਸੇਵਾਲਾ ਕਤਲ ਕੇਸ ਵਿੱਚ ਉਸਦਾ ਅਤੇ ਉਸਦੇ ਇੱਕ ਸਾਥੀ ਨਾਗਨਾਥ ਸੂਰਿਆਵੰਸ਼ੀ ਦਾ ਨਾਮ ਸਾਹਮਣੇ ਆਇਆ ਹੈ। ਪੁਣੇ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ 2021 ਦੇ ਕਤਲੇਆਮ ਤੋਂ ਬਾਅਦ ਜਾਧਵ ਨੂੰ ਕਥਿਤ ਤੌਰ 'ਤੇ ਪਨਾਹ ਦੇਣ ਦੇ ਦੋਸ਼ ਵਿੱਚ ਸਿੱਧੇਸ਼ ਕਾਂਬਲੇ ਉਰਫ ਮਹਾਕਾਲ ਨੂੰ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।