ਕੁਰੂਕਸ਼ੇਤਰ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਨੇ ਮੰਨੀਆਂ ਮੰਗਾਂ
ਕਿਸਾਨਾਂ 'ਤੇ ਦਰਜ ਸਾਰੇ ਕੇਸ ਵੀ ਹੋਣਗੇ ਵਾਪਸ
ਕੂਰਕਸ਼ੇਤਰ - ਕੁਰੂਕਸ਼ੇਤਰ ਵਿਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਖ਼ਤਮ ਹੋ ਗਿਆ ਹੈ, ਕਿਸਾਨਾਂ ਤੇ ਪ੍ਰਸ਼ਾਸ਼ਨ ਦੀ ਸਹਿਮਤੀ ਬਣ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਅੱਜ ਸਾਡੀ ਮੰਗ ਮੰਨ ਲਈ ਹੈ। ਸਾਰੇ ਦੋਸਤਾਂ ਅਤੇ ਮੀਡੀਆ ਵਾਲਿਆਂ ਦਾ ਧੰਨਵਾਦ। ਅੱਜ ਇਹ ਸਾਬਤ ਹੋ ਗਿਆ ਹੈ ਕਿ ਏਕਤਾ ਵਿਚ ਤਾਕਤ ਹੁੰਦੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਇਹ ਕੋਈ ਅੰਤਿਮ ਜਿੱਤ ਨਹੀਂ ਹੈ। ਅੰਤਿਮ ਜਿੱਤ ਤਾਂ ਹੀ ਹੋਵੇਗੀ ਜਦੋਂ ਸਰਕਾਰ ਪੂਰੇ ਦੇਸ਼ ਵਿਚ ਐਮਐਸਪੀ ਦੀ ਮੰਗ ਨੂੰ ਪੂਰਾ ਵੀ ਕਰ ਦੇਵੇਗੀ।
ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਇੱਕ ਹਫ਼ਤੇ ਤੋਂ ਸੰਘਰਸ਼ ਕੀਤਾ ਅਤੇ ਅੱਜ ਸਰਕਾਰ ਨੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਮੰਗ ਮੰਨ ਲਈ ਹੈ। ਟਿਕੈਤ ਨੇ ਕਿਹਾ ਕਿ ਇਹ ਕਿਸਾਨਾਂ ਦਾ ਹੱਕ ਹੈ। ਅਸੀਂ ਪੂਰੇ ਦੇਸ਼ 'ਚ MSP 'ਤੇ ਲੜਦੇ ਰਹਾਂਗੇ, ਪ੍ਰਧਾਨ ਮੰਤਰੀ ਦਾ ਰੇਟ ਪੂਰੇ ਦੇਸ਼ 'ਚ ਲਾਗੂ ਹੋਣਾ ਚਾਹੀਦਾ ਹੈ। ਅਸੀਂ MSP 'ਤੇ ਅੰਦੋਲਨ ਸ਼ੁਰੂ ਕਰਾਂਗੇ। ਅਸੀਂ ਕਿਸੇ ਅੱਗੇ ਨਹੀਂ ਝੁਕਦੇ, ਜੋ ਸਾਡਾ ਹੱਕ ਹੈ ਅਸੀਂ ਉਹੀ ਮੰਗਿਆ ਹੈ।
ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਸਾਡੇ 'ਤੇ ਦਬਾਅ ਸੀ, ਕਿਸਾਨ ਅੰਦੋਲਨ ਨੂੰ ਲੈ ਕੇ ਕਈ ਟਵਿਟਰ ਅਕਾਊਂਟ ਬੰਦ ਕਰ ਦਿੱਤੇ ਗਏ ਸਨ। ਪੂਰੇ ਦੇਸ਼ ਦੀਆਂ ਜਾਇਦਾਦਾਂ ਸਿਰਫ਼ ਇੱਕ ਵਿਅਕਤੀ ਨੂੰ ਵੇਚੀਆਂ ਜਾ ਰਹੀਆਂ ਹਨ। ਸਾਡਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਅਸੀਂ ਚੋਣ ਨਹੀਂ ਲੜਾਂਗੇ। ਦੂਜੇ ਪਾਸੇ ਕਿਸਾਨ ਆਗੂ ਕਰਮ ਸਿੰਘ ਮਥਾਣਾ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਦਾ ਮੁੱਖ ਮਸਲਾ ਅਜੇ ਵੀ ਹੱਲ ਨਹੀਂ ਹੋਇਆ ਪਰ ਸਰਕਾਰ ਨਾਲ ਸਾਡੀ ਮੀਟਿੰਗ ਸਫ਼ਲ ਰਹੀ। ਅਸੀਂ ਇੱਕ ਹਫ਼ਤੇ ਤੋਂ ਸੰਘਰਸ਼ ਕੀਤਾ ਹੈ ਅਤੇ ਅੱਜ ਸਰਕਾਰ ਨੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਡੀ ਮੰਗ ਮੰਨ ਲਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਕਾਰ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਝੜਪ ਅਤੇ ਹਾਈਵੇਅ ਜਾਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਅਜਿਹੇ 'ਚ ਮੰਗਲਵਾਰ ਨੂੰ ਕਿਸਾਨ ਯੂਨੀਅਨ ਦੇ ਨੇਤਾਵਾਂ ਅਤੇ ਕੁਰੂਕਸ਼ੇਤਰ ਪ੍ਰਸ਼ਾਸਨ ਵਿਚਾਲੇ ਅਹਿਮ ਬੈਠਕ ਹੋਈ ਜੋ ਕਿ ਪਹਿਲਾਂ ਬੇਸਿੱਟਾ ਰਹੀ ਪਰ ਬਾਅਦ ਵਿਚ ਜਦੋਂ ਫਇਰ ਤੋਂ ਮੀਟਿੰਗ ਹੋਈ ਤਾਂ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ ਤੇ ਇਹ ਧੜਨਾ ਖ਼ਤਮ ਹੋ ਗਿਆ ਹੈ।
- ਕੀ ਹਨ ਕਿਸਾਨਾਂ ਦੀਆਂ ਮੰਗਾਂ?
ਕੁਰੂਕਸ਼ੇਤਰ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਦੋ ਮੰਗਾਂ ਸਨ। ਪਹਿਲੀ ਮੰਗ ਹੈ ਕਿ ਸੂਰਜਮੁਖੀ ਦੇ ਬੀਜ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੇ ਜਾਣ। ਦੂਜਾ, ਗ੍ਰਿਫਤਾਰ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਕਿਸਾਨਾਂ ਦਾ ਦਾਅਵਾ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ 'ਤੇ ਸੂਰਜਮੁਖੀ ਦੇ ਬੀਜ ਨਹੀਂ ਖ਼ਰੀਦ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੀ ਫਸਲ ਪ੍ਰਾਈਵੇਟ ਖਰੀਦਦਾਰਾਂ ਨੂੰ 4,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣ ਲਈ ਮਜਬੂਰ ਹੈ, ਜਦੋਂ ਕਿ ਸੂਰਜਮੁਖੀ ਦੇ ਬੀਜਾਂ ਦਾ ਘੱਟੋ-ਘੱਟ ਸਮਰਥਨ ਮੁੱਲ 6,400 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।
ਮਹਾਪੰਚਾਇਤ 'ਚ ਕੀ ਹੋਇਆ?
ਮਹਾਪੰਚਾਇਤ ਵਿਚ ਸ਼ਾਮਲ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਸੂਰਜਮੁਖੀ ਦੇ ਬੀਜ ਐਮਐਸਪੀ ’ਤੇ ਖਰੀਦਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਵੀ ਰਿਹਾਅ ਕੀਤਾ ਜਾਵੇ।ਟਿਕੈਤ ਨੇ ਕਿਹਾ ਕਿ ਸਰਕਾਰ ਨੇ MSP 'ਤੇ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ, ਜੇਕਰ ਇਸ ਨੂੰ ਪੂਰਾ ਨਾ ਕੀਤਾ ਗਿਆ ਤਾਂ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਅੰਬਾਲਾ ਤੋਂ ਆਏ ਕਿਸਾਨ ਭੁਪਿੰਦਰ ਸਿੰਘ ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਦੀ ਬੇਕਦਰੀ ਕੀਤੀ ਹੈ ਪਰ ਉਹ ਗਲਤ ਹਨ ਅਤੇ ਹਾਈਵੇ ਤੋਂ ਧਰਨਾ ਉਦੋਂ ਤੱਕ ਖਤਮ ਨਹੀਂ ਹੋਵੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
- ਸਰਕਾਰ ਦਾ ਬਿਆਨ
ਕਿਸਾਨਾਂ ਦੀ ਇਸ ਮੰਗ ਦੇ ਸਬੰਧ ਵਿੱਚ ਖੱਟਰ ਸਰਕਾਰ ਦਾ ਕਹਿਣਾ ਹੈ ਕਿ ਹਰਿਆਣਾ ਵਿੱਚ ਕਿਸਾਨਾਂ ਨੂੰ ਦਿੱਤੇ ਜਾ ਰਹੇ ਸੂਰਜਮੁਖੀ ਦੇ ਬੀਜਾਂ ਦੀ ਕੀਮਤ ਦੂਜੇ ਰਾਜਾਂ ਵਿੱਚ ਕਿਸਾਨਾਂ ਨੂੰ ਮਿਲ ਰਹੀ ਕੀਮਤ ਨਾਲੋਂ ਕਿਤੇ ਵੱਧ ਹੈ। ਹਰਿਆਣਾ ਵਿੱਚ 36,414 ਏਕੜ ਵਿੱਚ ਸੂਰਜਮੁਖੀ ਦੀ ਕਾਸ਼ਤ ਕੀਤੀ ਜਾਂਦੀ ਹੈ। ਐਤਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 8,528 ਕਿਸਾਨਾਂ ਦੇ ਖਾਤਿਆਂ ਵਿੱਚ 29.13 ਕਰੋੜ ਰੁਪਏ ਦਾ ਅੰਤਰਿਮ ਮੁਆਵਜ਼ਾ ਦਿੱਤਾ।
ਸਰਕਾਰ ਦਾ ਕਹਿਣਾ ਹੈ ਕਿ 12 ਜੂਨ ਨੂੰ ਹਰਿਆਣਾ ਵਿੱਚ ਸੂਰਜਮੁਖੀ ਦੇ ਬੀਜਾਂ ਦੀ ਕੀਮਤ 4900 ਰੁਪਏ ਪ੍ਰਤੀ ਕੁਇੰਟਲ ਸੀ। ਇਸ ਦੇ ਨਾਲ ਹੀ ਸਰਕਾਰ ਨੇ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਹੈ। ਇਸ ਤਰ੍ਹਾਂ ਕਿਸਾਨਾਂ ਨੂੰ 5900 ਰੁਪਏ ਮਿਲ ਰਹੇ ਹਨ।