Naseeruddin Shah News: ਮੋਦੀ ਨੇ ਜੇ ਦੇਸ਼ ਦੀ ਸੇਵਾ ਹੀ ਕਰਨੀ ਸੀ ਤਾਂ ਉਹ ਫ਼ੌਜ ’ਚ ਕਿਉਂ ਭਰਤੀ ਨਹੀਂ ਹੋਏ? : ਨਸੀਰੁਦੀਨ ਸ਼ਾਹ
ਮੋਦੀ ਬੀਤੇ ਵਰਿ੍ਹਆਂ ਤੋਂ ਘਟ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੇ ਹਨ
Naseeruddin Shah News: ਮੁੰਬਈ: ਬਾਲੀਵੁੱਡ ਦੇ ਉਘੇ ਅਦਾਕਾਰ ਨਸੀਰੁਦੀਨ ਸ਼ਾਹ ਨੇ ਇਕ ਖ਼ਾਸ ਇੰਟਰਵਿਊ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਦੀ ਸਿਆਸਤ ਅਤੇ ਮੌਜੂਦਾ ਹਾਲਾਤ ’ਤੇ ਕਈ ਦਿਲਚਸਪ ਟਿਪਣੀਆਂ ਕੀਤੀਆਂ ਹਨ। ‘ਦਿ ਵਾਇਰ’ ਨੂੰ ਦਿਤੇ ਇੰਟਰਵਿਊ ਦੌਰਾਨ ਸਵਾਲ ਪੁਛਿਆ ਗਿਆ ਕਿ ਪਿਛਲੇ ਹਫ਼ਤੇ ਜਦੋਂ ਪਤਾ ਲੱਗਾ ਕਿ ਭਾਜਪਾ ਨੂੰ ਬਹੁਮਤ ਨਹੀਂ ਮਿਲਿਆ ਤੇ 10 ਸਾਲਾਂ ’ਚ ਸੱਭ ਤੋਂ ਖ਼ਰਾਬ ਪ੍ਰਦਰਸ਼ਨ ਰਿਹਾ ਹੈ ਤੇ ਗਠਜੋੜ ਦੀ ਲੋੜ ਪਵੇਗੀ, ਤਾਂ ਤੁਹਾਡੇ ਦਿਮਾਗ਼ ’ਚ ਕੀ ਆਇਆ ਤਾਂ ਉਨ੍ਹਾਂ ਜਵਾਬ ਦਿਤਾ ਕਿ - ‘ਪਹਿਲਾਂ ਤਾਂ ਮੈਨੂੰ ਖ਼ੁਸ਼ੀ ਹੋਈ।
ਫਿਰ ਮੈਂ ਅਪਣੇ-ਆਪ ਨੂੰ ਕਿਹਾ ਕਿ ਸਾਡੇ ਸਭਨਾਂ ਲਈ ਹਾਰਨ ਤੇ ਜਿਤਣ ਵਾਲਿਆਂ, ਹਿੰਦੂ, ਮੁਸਲਿਮ ਤੇ ਸਰਕਾਰ ਬਾਰੇ ਖ਼ੁਦ ਵਿਚਾਰ ਕਰਨ ਦਾ ਵੇਲਾ ਹੈ। ਨਰਿੰਦਰ ਮੋਦੀ ਲਈ ਸੱਤਾ ਕਿਸੇ ਭਾਈਵਾਲ ਨਾਲ ਸਾਂਝੀ ਕਰਨਾ ਕੌੜੀ ਦਵਾਈ ਪੀਣ ਵਾਂਗ ਹੋਵੇਗਾ। ਮੁਸ਼ਕਿਲ ਇਸ ਗੱਲ ਦੀ ਹੈ ਕਿ ਉਨ੍ਹਾਂ ਨੂੰ ਇਹ ਲਗਦਾ ਹੈ ਕਿ ਉਹ ਜ਼ਿੰਦਗੀ ਭਰ ਹੁਣ ਪੀਐਮ ਬਣੇ ਰਹਿਣਗੇ। ਦੂਜੀ ਸਮੱਸਿਆ ਇਹ ਹੈ ਕਿ ਉਹ ਹਰੇਕ ਗੱਲ ਨੂੰ ਪਰਸਨਲੀ ਲੈ ਲੈਂਦੇ ਹਨ। ਉਨ੍ਹਾਂ ਦੇ ਸਾਈਕੋਪੈਥ ਫ਼ੈਨ ਵੀ ਅਜਿਹੇ ਹੀ ਹਨ।’ਨਸੀਰੁੱਦੀਨ ਨੇ ਇਹ ਵੀ ਕਿਹਾ,‘ਜੇ ਨਰਿੰਦਰ ਮੋਦੀ ਨੇ ਦੇਸ਼ ਦੀ ਸੇਵਾ ਹੀ ਕਰਨੀ ਸੀ, ਤਾਂ ਉਹ ਫ਼ੌਜ ’ਚ ਭਰਤੀ ਹੋਣ ਲਈ ਕਿਉਂ ਨਹੀਂ ਚਲੇ ਗਏ। ਉਹ ਬੀਤੇ ਵਰਿ੍ਹਆਂ ਤੋਂ ਘਟ ਸਮਝਦਾਰੀ ਵਾਲੀਆਂ ਗੱਲਾਂ ਕਰ ਰਹੇ ਹਨ। ਜੇ ਪ੍ਰਧਾਨ ਮੰਤਰੀ ਮੰਨਦੇ ਹਨ ਕਿ ਰੱਬ ਨੇ ਸਿਧਾ ਉਨ੍ਹਾਂ ਨੂੰ ਭੇਜਿਆ ਹੈ ਜਾਂ ਉਹ ਆਪ ਹੀ ਭਗਵਾਨ ਹਨ, ਤਾਂ ਸੱਭ ਨੂੰ ਉਨ੍ਹਾਂ ਤੋਂ ਡਰਨਾ ਚਾਹੀਦਾ ਹੈ। ਮੋਦੀ ਵਧੀਆ ਅਦਾਕਾਰ ਵੀ ਨਹੀਂ ਹੈ। ਉਨ੍ਹਾਂ ਦੀ ਮੁਸਕਰਾਹਟ ਤੇ ਮਗਰਮੱਛ ਦੇ ਹੰਝੂ ਕਦੇ ਵੀ ਜਨਤਾ ’ਤੇ ਕੋਈ ਅਸਰ ਨਹੀਂ ਪਾ ਸਕੇ।’
ਮੁਸਲਮਾਨਾਂ ਨੂੰ ਸਲਾਹ ਦਿੰਦਿਆਂ ਨਸੀਰੁੱਦੀਨ ਸ਼ਾਹ ਨੇ ਆਖਿਆ ਕਿ ਮੁਸਲਮਾਨਾਂ ਨੂੰ ਹੁਣ ਹਿਜਾਬ ਤੇ ਸਾਨੀਆ ਮਿਰਜ਼ਾ ਦੀ ਸਕਰਟ ਦੀ ਚਿੰਤਾ ਛਡ ਕੇ ਪੜ੍ਹਾਈ-ਲਿਖਾਈ ਵਲ ਧਿਆਨ ਦੇਣਾ ਚਾਹੀਦਾ ਹੈ। ਮੋਦੀ ਦਾ ਵਿਰੋਧ ਕਰਨਾ ਬਹੁਤ ਸੌਖਾ ਹੈ। ਸਚ ਤਾਂ ਇਹ ਹੈ ਕਿ ਮੋਦੀ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਵੀ ਇਸ ਦੇਸ਼ ’ਚ ਬਹੁਤ ਕੁਝ ਗ਼ਲਤ ਸੀ। ਸਾਡੇ ਦੇਸ਼ ’ਚ ਧਰਮਾਂ ਵਿਚਲੇ ਸਦਾ ਹੀ ਦੁਸ਼ਮਣੀ ਵਾਲੀ ਭਾਵਨਾ ਰਹੀ ਹੈ।