ਪੁੱਛ-ਪੜਤਾਲ ਲਈ ਪੇਸ਼ ਹੋਣ ਸਬੰਧੀ ਪਾਇਲਟ ਨੂੰ ਚਿੱਠੀ ਭੇਜੇ ਜਾਣ ਨਾਲ ਸਾਰੀਆਂ ਹੱਦਾਂ ਪਾਰ : ਸੂਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਸਰਕਾਰ ਵਿਚ ਸੱਤਾ ਲਈ ਜਾਰੀ ਕਸ਼ਮਕਸ਼ ਵਿਚਾਲੇ ਪਾਰਟੀ ਆਗੂ ਸਚਿਨ ਪਾਇਲਟ ਦੇ ਕਰੀਬੀ ਸੂਤਰਾਂ ਨੇ ਦਸਿਆ

sachin pilot

ਨਵੀਂ ਦਿੱਲੀ, 12 ਜੁਲਾਈ  : ਰਾਜਸਥਾਨ ਸਰਕਾਰ ਵਿਚ ਸੱਤਾ ਲਈ ਜਾਰੀ ਕਸ਼ਮਕਸ਼ ਵਿਚਾਲੇ ਪਾਰਟੀ ਆਗੂ ਸਚਿਨ ਪਾਇਲਟ ਦੇ ਕਰੀਬੀ ਸੂਤਰਾਂ ਨੇ ਦਸਿਆ ਕਿ ਅਪਣੀ ਹੀ ਸਰਕਾਰ ਨੂੰ ਅਸਥਿਰ ਕਰਨ ਦੀ ਕਥਿਤ ਕੋਸ਼ਿਸ਼ ਦੀ ਜਾਂਚ ਵਿਚ ਪੁੱਛ-ਪੜਤਾਲ ਲਈ ਪੇਸ਼ ਹੋਣ ਦਾ ਉਪ ਮੁੱਖ ਮੰਤਰੀ ਨੂੰ ਪੱਤਰ ਭੇਜੇ ਜਾਣ ਨਾਲ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ

ਜਿਸ ਨਾਲ ਪਾਇਲਟ ਸਮਰਥਕ ਵਿਧਾਇਕਾਂ ਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਧੀਨ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ।  ਸੂਤਰਾਂ ਨੇ ਦਸਿਆ ਕਿ ਪਾਇਲਟ ਦੇ ਸਮਰਥਕ ਵਿਧਾਇਕ ਪਾਇਲਟ ਨੂੰ ਗਹਿਲੋਤ ਖ਼ੇਮੇ ਦੁਆਰਾ ਵਾਰ ਵਾਰ ਕਮਜ਼ੋਰ ਕੀਤੇ ਜਾਂਦਾ ਵੇਖ ਨਹੀਂ ਸਕਦੇ ਅਤੇ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰਪੁ ਦੁਆਰਾ ਉਪ ਮੁੱਖ ਮੰਤਰੀ ਨੂੰ ਪੱਤਰ ਭੇਜੇ ਜਾਣ ਦਾ ਉਦੇਸ਼ ਉਨ੍ਹਾਂ ਨੂੰ ਅਪਮਾਨਤ ਕਰਨਾ ਹੈ। ਸੂਤਰਾਂ ਨੇ ਦਸਿਆ ਕਿ ਪਾਇਲਟ ਹਾਲੇ ਦਿੱਲੀ ਵਿਚ ਹੈ ਅਤੇ ਉਸ ਦੇ ਸਮਰਥਕ ਵਿਧਾਇਕਾਂ ਨੇ ਸੰਕਲਪ ਲਿਆ ਹੈ ਕਿ ਸੂਬਾ ਕਾਂਗਰਸ ਕਮੇਟੀ ਦੇ ਮੁਖੀ ਨੂੰ ਜਨਤਕ ਰੂਪ ਵਿਚ ਅਪਮਾਨਤ ਕਰਨ ਲਈ ਪੱਤਰੇ ਭੇਜੇ ਜਾਣ ਮਗਰੋਂ ਉਹ ਲੋਕ ਮੁੱਖ ਮੰਤਰੀ ਗਹਿਲੋਤ ਦੀ ਅਗਵਾਈ ਵਿਚ ਕੰਮ ਨਹੀਂ ਕਰ ਸਕਦੇ।

ਗਹਿਲੋਤ ਵੀ ਬਿਆਨ ਦਰਜ ਕਰਨ ਲਈ ਰਾਜਸਥਾਨ ਪੁਲਿਸ ਦੁਆਰਾ ਉਨ੍ਹਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਬਾਰੇ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਨੋਟਿਸ ਸਿਰਫ਼ ਛਲਾਵਾ ਹੈ ਤਾਕਿ ਉਪ ਮੁੱਖ ਮੰਤਰੀ ਨੂੰ ਐਸਓਜੀ ਦੁਆਰਾ ਤਲਬ ਅਤੇ ਅਪਮਾਨਤ ਕੀਤਾ ਜਾ ਸਕੇ। ਗਹਿਲੋਤ ਕੋਲ ਗ੍ਰਹਿ ਵਿਭਾਗ ਦਾ ਵੀ ਚਾਰਜ ਹੈ। ਸੂਤਰਾਂ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਪਾਰਟੀ ਦੇ ਕਿਸੇ ਮੌਜੂਦਾ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੀ ਚਿੱਠੀ ਭੇਜੀ ਗਈ ਹੋਵੇ।

ਗਹਿਲੋਤ ਅਤੇ ਪਾਇਲਟ ਨੂੰ ਨੋਟਿਸ ਜਾਰੀ ਕੀਤੇ ਜਾਣ ਤੋਂ ਪਹਿਲਾਂ ਸ਼ੁਕਰਵਾਰ ਨੂੰ ਐਸਓਜੀ ਨੇ ਹਿਰਾਸਤ ਵਿਚ ਲਏ ਗਏ ਦੋ ਜਣਿਆਂ ਵਿਰੁਧ ਪਰਚਾ ਦਰਜ ਕੀਤਾ ਸੀ। ਗਹਿਲੋਤ ਸਰਕਾਰ ਨੂੰ ਡੇਗਣ ਲਈ ਕਾਂਗਰਸ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਕਰਨ ਵਿਚ ਕਥਿਤ ਸ਼ਮੂਲੀਅਤ ਲਈ ਇਹ ਪਰਚਾ ਦਰਜ ਕੀਤਾ ਗਿਆ ਸੀ। ਗਹਿਲੋਤ ਨੇ ਕਲ ਦੋਸ਼ ਲਾਇਆ ਸੀ ਕਿ ਭਾਜਪਾ ਉਸ ਦੇ ਵਿਧਾਇਕਾਂ ਨੂੰ ਮੋਟੀ ਰਕਮ ਦੀ ਪੇਸ਼ਕਸ਼ ਕਰ ਕੇ ਉਸ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। (ਏਜੰਸੀ)