ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਚੋਣਾਂ ਲਈ ਪ੍ਰਕਿਰਿਆ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਤਿਆਰੀ ਲਈ

Delhi Gurdwara Management Committee

ਨਵੀਂ ਦਿੱਲੀ, 12 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਦਿੱਲੀ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਤਿਆਰੀ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਦਿੱਲੀ ਸਰਕਾਰ ਦੀ ਗੁਰਦਵਾਰਾ ਚੋਣ ਮਾਮਲਿਆਂ ਬਾਰੇ ਮੰਤਰੀ ਰਜਿੰਦਰਪਾਲ ਗੋਤਰ ਨੇ ਚੋਣਾਂ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ ਕੀਤੀ।  ਉਨ੍ਹਾਂ ਗੁਰਦਵਾਰਾ ਚੋਣ ਡਾਇਰੈਕਟਰ ਨੂੰ ਕਿਹਾ ਕਿ ਪਿਛਲੀਆਂ ਗੁਰਦਵਾਰਾ ਚੋਣਾਂ ਵਿਚ ਬੇਨਿਯਮੀਆਂ ਤੇ ਜਾਅਲੀ ਵੋਟਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਗਾਊ ਚੋਣਾਂ ਪੂਰੇ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੇ ਪ੍ਰਬੰਧ ਕੀਤੇ ਜਾਣ।

ਦਿੱਲੀ ਵਿਧਾਨ ਸਭਾ ਦੀਆਂ ਤਾਜ਼ਾ ਚੋਣਾਂ ਤੇ 2020 ਦੀ ਰਾਜ ਦੀ ਵੋਟਰ ਸੂਚੀ ਦੇ ਆਧਾਰ ’ਤੇ ਸਿੱਖ ਵੋਟਰਾਂ ਦੀਆਂ ਫ਼ੋਟੋ ਵਾਲੀਆਂ ਵੋਟਾਂ ਬਣਵਾਈਆਂ ਜਾਣ ਦੇ ਹੁਕਮ ਦਿਤੇ ਗਏ ਹਨ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਕਰਨ ਦੇ ਕੇਜਰੀਵਾਲ ਸਰਕਾਰ ਦੇ ਕਦਮ ਦਾ ਸਵਾਗਤ ਕਰਦਿਆਂ ਦਿੱਲੀ ਕਮੇਟੀ ’ਤੇ ਕਾਬਜ਼ ਭ੍ਰਿਸ਼ਟ ਮਾਫ਼ੀਆ ਨੂੰ ਹਰਾਉਣ ਲਈ ਤਿਆਰੀ ਦਾ ਸੱਦਾ ਦਿਤਾ ਹੈ।