ਮੌਜੂਦਾ ਵਿੱਤੀ ਵਰ੍ਹੇ ’ਚ ਜੀਡੀਪੀ ਦੀ ਵਾਧਾ ਦਰ ’ਚ 4.5 ਫ਼ੀ ਸਦੀ ਘਾਟੇ ਦਾ ਅਨੁਮਾਨ : ਫਿੱਕੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਦਿਯੋਗ ਮੰਡਲ ਫਿੱਕੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਜੀ.ਡੀ.ਪੀ ਦੀ ਵਾਧਾ ਦਰ ਨਕਾਰਾਤਮਕ ਰਹੇਗੀ।

GDP growth forecast for 4.5 per cent deficit in current financial year: FICCI

ਨਵੀਂ ਦਿੱਲੀ, 12 ਜੁਲਾਈ : ਉਦਿਯੋਗ ਮੰਡਲ ਫਿੱਕੀ ਦਾ ਕਹਿਣਾ ਹੈ ਕਿ ਮੌਜੂਦਾ ਵਿੱਤੀ ਵਰ੍ਹੇ ’ਚ ਭਾਰਤ ਦੀ ਜੀ.ਡੀ.ਪੀ ਦੀ ਵਾਧਾ ਦਰ ਨਕਾਰਾਤਮਕ ਰਹੇਗੀ। ਫਿੱਕੀ ਦੇ ਆਰਥਕ ਸਰਵੇ ’ਚ ਅਨੁਮਾਨ ਲਾਇਆ ਗਿਆ ਹੈ ਕਿ 2020-21 ’ਚ ਦੇਸ਼ ਦੀ ਅਰਥਵਿਵਸਥਾ ’ਚ 4.5 ਫ਼ੀ ਸਦੀ ਹੇਠਾਂ ਜਾਵੇਗੀ। ਸਰਵੇ ’ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜੀ ਨਾਲ ਹੋਏ ਵਾਧੇ ਕਾਰਨ ਦੁਨੀਆਂਭਰ ’ਚ ਆਰਥਕ ਅਤੇ ਸਿਹਤ ਸੰਕਟ ਪੈਦਾ ਹੋ ਗਿਆ ਹੈ। ਫਿੱਕੀ ਦੇ ਤਾਜ਼ਾ ਸਰਵੇ ’ਚ ਵਾਧਾ ਦਰ ਦੇ ਅਨੁਮਾਨ ’ਚ ਹੇਠਾਂ ਵਲ ਵੱਡਾ ਸੋਧ ਕੀਤਾ ਗਿਆ ਹੈ।

ਫਿੱਕੀ ਨੇ ਜਨਵਰੀ, 2020 ਦੇ ਸਰਵੇ ’ਚ 2020-21 ’ਚ ਵਾਧਾ ਦਰ 5.5 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਸੀ। ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਦੇਸ਼ਭਰ ’ਚ ਲਾਗੂ ਤਾਲਾਬੰਦੀ ਕਾਰਨ ਆਰਥਕ ਗਤੀਵਿਧੀਆਂ ਬੂਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ। ਹਾਲਾਂਕਿ, ਹੁਣ ਪਾਬੰਦੀਆਂ ’ਚ ਹੌਲੀ ਹੌਲੀ ਢਿੱਲ ਦਿਤੀ ਜਾ ਰਹੀ ਹੈ। ਭਾਰਤ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਗ ਦਾਸ ਨੇ ਸਨਿਚਰਵਾਰ ਨੂੰ ਭਾਰਤੀ ਸਟੇਟ ਬੈਂਕ ਦੇ ਬੈਂਕਿੰਗ ਐਂਡ ਇਕਨਾਮਿਕਸ ਕਾਨਕਲੇਵ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਰਤੀ ਅਰਥਵਿਵਸਥਾ ਹੁਣ ਸਥਿਰ ਹੋ ਰਹੀ ਹੈ।

ਸਰਵੇ ’ਚ ਕਿਹਾ ਗਿਆ ਹੈ ਕਿ 2020-21 ’ਚ ਜੀਡੀਪੀ ਦੀ ਔਸਤ ਵਾਧਾ ਦਰ -4.5 ਫ਼ੀ ਸਦੀ ਰਹਿਨਗੇ। ਇਸ ਦੇ ਘੱਟੋਂ ਘੱਟ -6.5 ਫ਼ੀ ਸਦੀ ਜਾਂ ਬਿਹਤਰ ਸਥਿਤੀ ’ਚ 1.5 ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਸਰਵੇ ਮੁਤਾਬਕ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ’ਚ ਵਾਧਾ ਦਰ ਔਸਤਨ ਸਿਫ਼ਰ ਤੋਂ 14.2 ਫ਼ੀ ਸਦੀ ਹੇਠਾਂ ਰਹੇਗੀ। ਇਹ ਘੱਟੋਂ ਘੱਟ -25 ਫ਼ੀ ਸਦੀ ਤਕ ਜਾ ਸਕਦਾ ਹੈ। ਬਿਹਤਰ ਸਥਿਤੀ ’ਚ ਵੀ ਇਹ -7.5 ਫ਼ੀ ਸਦੀ ਰਹੇਗੀ।     (ਪੀਟੀਆਈ)