ਵਿਕਾਸ ਦੁਬੇ ਕਾਂਡ : ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ
ਯੂਪੀ ਸਰਕਾਰ ਨੇ ਅਪਰਾਧੀ ਵਿਕਾਸ ਦੁਬੇ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ
ਲਖਨਊ, 12 ਜੁਲਾਈ : ਯੂਪੀ ਸਰਕਾਰ ਨੇ ਅਪਰਾਧੀ ਵਿਕਾਸ ਦੁਬੇ ਕਾਂਡ ਦੀ ਜਾਂਚ ਲਈ ਇਕ ਮੈਂਬਰੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਸੇਵਾਮੁਕਤ ਜੱਜ ਸ਼ਸ਼ੀ ਕਾਂਤ ਅਗਰਵਾਲ ਦੀ ਅਗਵਾਈ ਹੇਠ ਇਕ ਮੈਂਬਰੀ ਜਾਂਚ ਕਮਿਸ਼ਨ ਕਾਇਮ ਕੀਤਾ ਜਾਵੇਗਾ। ਕਮਿਸ਼ਨ ਦਾ ਮੁੱਖ ਦਫ਼ਤਰ ਕਾਨਪੁਰ ਵਿਚ ਹੋਵੇਗਾ।
ਗ੍ਰਹਿ ਵਿਭਾਗ ਦੇ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਦਸਿਆ ਕਿ ਰਾਜਪਾਲ ਦੀ ਰਾਏ ਹੈ ਕਿ ਲੋਕ ਅਹਿਮੀਅਤ ਦੇ ਵਿਸ਼ੇ ਵਿਚ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਦੁਆਰਾ ਦੋ-ਤਿੰਨ ਜੁਲਾਈ ਅਤੇ 10 ਜੁਲਾਈ ਦੀ ਘਟਨਾ ਅਤੇ ਇਸ ਸਮੇਂ ਦੌਰਾਨ ਇਸ ਘਟਨਾ ਨਾਲ ਸਬੰਧਤ ਵੱਖ ਵੱਖ ਥਾਵਾਂ ’ਤੇ ਪੁਲਿਸ ਅਤੇ ਅਪਰਾਧੀਆਂ ਵਿਚਾਲੇ ਹੋਏ ਮੁਕਾਬਲਿਆਂ ਦੇ ਸਬੰਧ ਵਿਚ ਜਾਂਚ ਜ਼ਰੂਰੀ ਹੈ। ਕਮਿਸ਼ਨ ਵਿਕਾਸ ਦੁਬੇ ਅਤੇ ਉਸ ਦੇ ਸਾਥੀਆਂ ਨਾਲ ਸਬੰਧਤ ਘਟਨਾ ਅਤੇ ਪੁਲਿਸ ਅਤੇ ਦੁਬੇ ਦੇ ਸਾਥੀਆਂ ਵਿਚਾਲੇ ਹੋਏ ਮੁਕਾਬਲਿਆਂ ਦੀ ਜਾਂਚ ਕਰੇਗਾ।
ਇਸ ਤੋਂ ਇਲਾਵਾ ਦੁਬੇ ਅਤੇ ਪੁਲਿਸ ਵਿਚਾਲੇ ਹੋਏ ਮੁਕਾਬਲੇ ਦੀ ਵੀ ਜਾਂਚ ਕੀਤੀ ਜਾਵੇਗੀ। ਕਮਿਸ਼ਨ ਦੋ ਮਹੀਨਿਆਂ ਅੰਦਰ ਅਪਣੀ ਜਾਂਚ ਪੂਰੀ ਕਰੇਗਾ। ਏਡੀਜੀਪੀ ਹਰੀਰਾਮ ਸ਼ਰਮਾ ਅਤੇ ਅਤੇ ਇਕ ਹੋਰ ਸੀਨੀਅਰ ਪੁਲਿਸ ਅਧਿਕਾਰੀ ਰਵਿੰਦਰ ਗੌੜ ਨੂੰ ਐਸਆਈਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। (ਏਜੰਸੀ)