ਮੂਸੇਵਾਲਾ ਕਤਲ ਮਾਮਲਾ: ਲਾਰੈਂਸ ਦੇ ਭਰਾ ਤੇ ਸਾਥੀ ਨੂੰ ਵਿਦੇਸ਼ ਭੇਜਣ ਵਾਲੇ 4 ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਿਸ ਗਿਰੋਹ ਨੇ ਇਹ ਪਾਸਪੋਰਟ ਬਣਾਇਆ ਸੀ ਉਸ ਗਿਰੋਹ ਨੂੰ ਦਿੱਲੀ ਦੱਖਣੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। 

Musewala murder case: 4 arrested for sending Lawrence's brother and partner abroad

 

ਨਵੀਂ ਦਿੱਲੀ - ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਇਕ ਵੱਡਾ ਖੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਤਿਹਾੜ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਬਿਸ਼ਨੋਈ ਅਤੇ ਸਾਥੀ ਸਚਿਨ ਥਾਪਨ ਨੂੰ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੇਜਿਆ ਸੀ ਤੇ ਇਹ ਗੱਲ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਵੀ ਕਬੂਲੀ ਸੀ। ਪੁਲਿਸ ਅਨੁਸਾਰ ਇਹ ਫਰਜ਼ੀ ਪਾਸਪੋਰਟ ਦਿੱਲੀ ਖੇਤਰੀ ਪਾਸਪੋਰਟ ਦਫ਼ਤਰ ਤੋਂ ਬਣਾਇਆ ਗਿਆ ਸੀ। ਜਿਸ ਗਿਰੋਹ ਨੇ ਇਹ ਪਾਸਪੋਰਟ ਬਣਾਇਆ ਸੀ ਉਸ ਗਿਰੋਹ ਨੂੰ ਦਿੱਲੀ ਦੱਖਣੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। 

ਫਰਜ਼ੀ ਪਾਸਪੋਰਟ 'ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਥਾਪਨ ਦਾ ਫਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਹੈ। ਇਸ ਵਿਚ ਪਿਤਾ ਦਾ ਨਾਂ ਭੀਮ ਸਿੰਘ, ਮਕਾਨ ਨੰਬਰ 330 ਬਲਾਕ ਐਫ3 ਸੰਗਮ ਵਿਹਾਰ ਨਵੀਂ ਦਿੱਲੀ-110062 ਲਿਖਿਆ ਗਿਆ ਹੈ। ਉਹ ਫਰਜ਼ੀ ਪਾਸਪੋਰਟ ਰਾਹੀਂ ਦੁਬਈ ਗਿਆ ਸੀ ਅਤੇ ਸੂਤਰਾਂ ਦੀ ਮੰਨੀਏ ਤਾਂ ਸਚਿਨ ਥਾਪਨ ਹੁਣ ਅਜ਼ਰਬਾਈਜਾਨ 'ਚ ਹੈ। ਜਦੋਂ ਕਿ ਜੋਧਪੁਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲਾਰੈਂਸ ਨੇ ਭਾਨੂ ਪ੍ਰਤਾਪ ਦੇ ਨਾਂ 'ਤੇ ਬਣੇ ਆਪਣੇ ਭਰਾ ਅਨਮੋਲ ਦਾ ਪਾਸਪੋਰਟ ਹਾਸਲ ਕੀਤਾ ਸੀ ਅਤੇ ਉਸ 'ਤੇ ਫਰੀਦਾਬਾਦ ਹਰਿਆਣਾ ਦਾ ਪਤਾ ਲਿਖਿਆ ਸੀ।

ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ 'ਚ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਖਿਲਾਫ਼ ਪਾਸਪੋਰਟ ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਸੀ। ਇਸ ਬਾਰੇ ਦੱਖਣੀ ਦਿੱਲੀ ਦੀ ਡੀਸੀਪੀ ਬਿਨੀਤਾ ਮੈਰੀ ਜੈਕਰ ਨੇ ਦੱਸਿਆ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦੀ ਸਾਰੀ ਸਾਜ਼ਿਸ਼  ਅਨਮੋਲ ਬਿਸ਼ਨੋਈ ਅਤੇ ਸਚਿਨ ਥਾਨ ਨੇ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਰਚੀ ਸੀ। ਦੋਵਾਂ ਨੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਅਤੇ ਫਿਰ ਫਰਜ਼ੀ ਪਾਸਪੋਰਟਾਂ ਰਾਹੀਂ ਵਿਦੇਸ਼ ਭੱਜ ਗਏ।

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਇਹ ਫਰਜ਼ੀ ਪਾਸਪੋਰਟ ਦੱਖਣੀ ਦਿੱਲੀ 'ਚ ਬਣੇ ਸਨ, ਜਿਸ ਤੋਂ ਬਾਅਦ ਦੱਖਣੀ ਜ਼ਿਲ੍ਹੇ ਦੀ ਪੁਲਿਸ ਨੇ ਉਨ੍ਹਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਫਰਜ਼ੀ ਪਾਸਪੋਰਟ ਬਣਾਉਣ 'ਚ ਅਨਮੋਲ ਬਿਸ਼ਨੋਈ ਅਤੇ ਸਚਿਨ ਦੀ ਮਦਦ ਕੀਤੀ ਸੀ। ਦੱਖਣੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਾਅਲੀ ਪਾਸਪੋਰਟ ਬਣਾਉਣ ਦੇ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀਆਂ ਦੇ ਨਾਂ ਰਾਹੁਲ ਸਰਕਾਰ, ਨਵਨੀਤ ਪ੍ਰਜਾਪਤੀ, ਅਰਿਜੀਤ ਕੁਮਾਰ ਉਰਫ ਮਹੇਸ਼ ਉਰਫ ਸਿੱਧੂ ਪਾਪੀ, ਸੋਮਨਾਥ ਪ੍ਰਜਾਪਤੀ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 1 ਪਿਸਤੌਲ, 4 ਲੈਪਟਾਪ, 4 ਮੋਬਾਈਲ ਫ਼ੋਨ, ਡੌਂਗਲ, ਆਧਾਰ ਕਾਰਡ, ਇੱਕ ਮਰਸਡੀਜ਼ ਕਾਰ ਅਤੇ ਇੱਕ ਹੋਰ ਕਾਰ ਬਰਾਮਦ ਕੀਤੀ ਹੈ।

ਪੁਲਿਸ ਮੁਤਾਬਕ ਇਹ ਫਰਜ਼ੀ ਪਾਸਪੋਰਟ ਦਿੱਲੀ 'ਚ ਬਣਿਆ ਸੀ। ਦੱਖਣੀ ਦਿੱਲੀ ਦੇ ਸਪੈਸ਼ਲ ਸਟਾਫ ਨੂੰ ਪਤਾ ਲੱਗਾ ਕਿ ਇਹ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਬਣਿਆ ਹੈ। ਸੰਗਮ ਵਿਹਾਰ ਦਾ ਰਹਿਣ ਵਾਲਾ ਰਾਹੁਲ ਸਰਕਾਰ ਨਾਂ ਦਾ ਵਿਅਕਤੀ ਜਾਅਲੀ ਪਾਸਪੋਰਟ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਬਣਾਉਣ ਦਾ ਮਾਹਿਰ ਹੈ। ਪੁਲਿਸ ਅਨੁਸਾਰ ਸਚਿਨ ਥਾਪਨ ਦਾ ਪਾਸਪੋਰਟ ਡੇਢ ਲੱਖ ਰੁਪਏ ਦੇ ਕੇ ਬਣਵਾਇਆ ਗਿਆ ਸੀ, ਜਿਸ ’ਤੇ ਤਿਲਕ ਰਾਜ ਟੁਟੇਜਾ ਦਾ ਨਾਂ ਸੀ। ਦਰਅਸਲ, ਰਾਹੁਲ ਸਰਕਾਰ ਨਾਂ ਦਾ ਵਿਅਕਤੀ, ਜੋ ਕਿ ਫਰਜ਼ੀ ਪਾਸਪੋਰਟ ਬਣਾਉਣ ਦਾ ਮਾਹਰ ਹੈ, ਇੱਥੇ ਸੰਗਮ ਵਿਹਾਰ 'ਚ ਤਿਲਕ ਰੋਜ਼ ਟੁਟੇਜਾ ਦੇ ਨਾਂ 'ਤੇ ਕਿਰਾਏ 'ਤੇ ਰਹਿੰਦਾ ਸੀ। ਰਾਹੁਲ ਨੇ ਪਹਿਲਾਂ ਤਿਲਕ ਰਾਜ ਦੇ ਬਿਜਲੀ ਬਿੱਲ ਦੀ ਵਰਤੋਂ ਕਰਕੇ ਸਚਿਨ ਦਾ ਫਰਜ਼ੀ ਵੋਟਰ ਕਾਰਡ ਬਣਾਇਆ, ਫਿਰ ਫਰਜ਼ੀ ਆਧਾਰ ਕਾਰਡ ਬਣਾਇਆ ਅਤੇ ਫਿਰ ਆਪਣਾ ਪਾਸਪੋਰਟ ਬਣਵਾਇਆ ਤੇ ਉਸ ਤੋਂ ਬਾਅਦ ਵਿਦੇਸ਼ ਗਿਆ।