ਮਾਣਹਾਨੀ ਮਾਮਲਾ- ਕੇਜਰੀਵਾਲ-ਸੰਜੇ ਸਿੰਘ ਅਹਿਮਦਾਬਾਦ ਦੀ ਅਦਾਲਤ 'ਚ ਹੋਣਗੇ ਪੇਸ਼, ਗੁਜਰਾਤ ਯੂਨੀਵਰਸਿਟੀ ਨੇ ਕਰਵਾਇਆ ਮਾਮਲਾ ਦਰਜ
ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਨਾਲ ਜੁੜੇ ਮਾਮਲੇ 'ਚ ਗੁਜਰਾਤ ਯੂਨੀਵਰਸਿਟੀ ਨੇ ਕਰਵਾਇਆ ਮਾਮਲਾ ਦਰਜ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਨਾਲ ਜੁੜੇ ਇਕ ਮਾਮਲੇ ਵਿਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੰਸਦ ਸੰਜੈ ਸਿੰਘ ਅਹਿਮਦਾਬਾਦ ਦੀ ਕੋਰਟ ਵਿਚ ਪੇਸ਼ ਹੋਣਗੇ। ਬੀਤੇ ਮਹੀਨੇ 7 ਜੂਨ ਨੂੰ ਹੋਈ ਸੁਣਵਾਈ ਵਿਚ ਦੋਵੇਂ ਕੋਰਟ ਨਹੀਂ ਪਹੁੰਚੇ ਸਨ। ਵਕੀਲ ਨੇ ਪੇਸ਼ੀ ਵਿਚ ਛੋਟ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਕੋਰਟ ਨੇ ਸਵੀਕਾਰ ਕਰ ਕੇ ਦੋਵਾਂ ਨੂੰ 13 ਜੁਲਾਈ ਨੂੰ ਕੋਰਟ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਸਨ।
ਜ਼ਿਕਰਯੋਗ ਹੈ ਕਿ ਅਹਿਮਦਾਬਾਦ 'ਚ ਸਥਿਤ ਗੁਜਰਾਤ ਯੂਨੀਵਰਸਿਟੀ ਨੇ ਦੋਵਾਂ ਨੇਤਾਵਾਂ ਵਿਰੁਧ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਹੈ। ਪ੍ਰਧਾਨ ਮੰਤਰੀ ਦੀ ਡਿਗਰੀ ਨਾਲ ਜੁੜੇ ਇਸ ਮਾਮਲੇ ਵਿਚ ਕੇਜਰੀਵਾਲ ਤੇ ਸੰਜੈ ਸਿੰਘ 'ਤੇ ਯੂਨੀਵਰਸਿਟੀ ਦਾ ਅਕਸ਼ ਖ਼ਰਾਬ ਕਰਨ ਦੇ ਆਰੋਪ ਹਨ।
ਗੁਜਰਾਤ ਯੂਨੀਵਰਸਿਟੀ ਨੇ ਦਾਇਰ ਕੀਤੀ ਪਟੀਸ਼ਨ ਵਿਚ ਕਿਹਾ ਕਿ ਕੇਜਰੀਵਾਲ ਤੇ ਸੰਜੈ ਸਿੰਘ ਲਗਾਤਾਰ ਸੰਸਥਾ ਦੀ ਮਰਿਆਦਾ ’ਤੇ ਸਵਾਲ ਚੁੱਕ ਰਹੇ ਹਨ। ਉਹਨਾਂ ਨੂੰ ਪਤਾ ਹੈ ਕੇ ਪ੍ਰਧਾਨ ਮੰਤਰੀ ਦੀ ਡਿਗਰੀ ਪਹਿਲਾ ਹੀ ਵੈਬਸਾਈਟ ’ਤੇ ਅਪਲੋਡ ਕੀਤੀ ਜਾ ਚੁਕੀ ਹੈ। ਇਸ ਦੇ ਬਾਵਜੂਦ ਦੋਵੇਂ ਨੇਤਾ ਕਹਿ ਰਹੇ ਹਨ ਕਿ ਡਿਗਰੀ ਨਾ ਦਿਖਾ ਕੇ ਯੂਨੀਵਰਸਿਟੀ ਸੱਚ ਛੁਪਾ ਰਹੀ ਹੈ, ਜਦਕਿ ਅਜਿਹਾ ਕੁਝ ਵੀ ਨਹੀਂ ਹੈ।
15 ਅਪ੍ਰੈਲ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ 'ਆਪ' ਦੇ ਦੋਵੇਂ ਆਗੂਆਂ ਨੂੰ 23 ਮਈ ਨੂੰ ਪੇਸ਼ ਹੋਣ ਦੇ ਹੁਕਮ ਦਿਤੇ ਸਨ। ਜੱਜ ਨੇ ਕਿਹਾ ਸੀ ਕਿ ਪਹਿਲੀ ਨਜ਼ਰ ਵਿਚ ਉਨ੍ਹਾਂ ਵਿਰੁਧ ਆਈਪੀਸੀ ਦੀ ਧਾਰਾ 500 (ਮਾਨਹਾਨੀ) ਤਹਿਤ ਕੇਸ ਚੱਲਦਾ ਜਾਪਦਾ ਹੈ। ਦੋਵੇਂ ਆਗੂਆਂ ਨੇ 23 ਮਈ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ, ਪਰ ਉਹ ਹਾਜ਼ਰ ਨਹੀਂ ਹੋਏ। 'ਆਪ' ਨੇ ਦਾਅਵਾ ਕੀਤਾ ਕਿ ਅਦਾਲਤ ਤੋਂ ਕੋਈ ਸੰਮਨ ਨਹੀਂ ਮਿਲਿਆ ਹੈ।