100ਵੇਂ ਆਜ਼ਾਦੀ ਦਿਹਾੜੇ ਤਕ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੋਵੇਗਾ : ਐਮ.ਡੀ.ਐਮ.ਕੇ. ਮੁਖੀ ਵਾਇਕੋ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਧਾਰਾ 370 ਹਟਾ ਕੇ ਕੇਂਦਰ ਸਰਕਾਰ ਨੇ ਦੇਸ਼ ਨੂੰ ਮੁਸ਼ਕਲ ਸਥਿਤੀ ਪਾ ਦਿਤੈ

MDMK Chief Vaiko

ਚੇਨੱਈ :  ਐਮਡੀਐਮਕੇ ਜਨਰਲ ਸਕੱਤਰ ਵਾਇਕੋ ਨੇ ਕੇਂਦਰ 'ਤੇ ਦੋਸ਼ ਲਗਾਇਆ ਕਿ ਧਾਰਾ 370 ਤਹਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰ ਕੇ ਉਨ੍ਹਾਂ ਦੇਸ਼ ਨੂੰ ਮੁਸ਼ਕਲ ਸਥਿਤੀ ਵਿਚ ਪਾ ਦਿਤਾ ਹੈ ਅਤੇ ਭਾਰਤ ਦੀ ਆਜ਼ਾਦੀ ਦੇ ਸੌ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ ਹੋਵੇਗਾ ਤਾਂ 'ਕਸ਼ਮੀਰ ਦੇਸ਼ ਦਾ ਹਿੱਸਾ ਨਹੀਂ ਹੋਵੇਗਾ।''

ਕਈ ਮੁੱਦਿਆਂ 'ਤੇ ਅਪਣੀ ਤਿੱਖੀ ਟਿਪਣੀ ਲਈ ਚਰਚਿਤ ਵਾਇਕੋ ਨੇ ਇਹ ਜਵਾਬ ਉਦੋਂ ਦਿਤਾ ਜਦੋਂ ਉਨ੍ਹਾਂ ਤੋਂ ਪੱਤਰਕਾਰਾਂ ਨੇ ਅਦਾਕਾਰ ਰਜਨੀਕਾਂਤ ਦੇ ਬਿਆਨ ਸਬੰਧੀ ਪੁੱਛਿਆ। ਰਜਨੀਕਾਂਤ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤੀ ਸੀ।

ਵਾਇਕੋ ਨੇ ਕਿਹਾ, ''ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੋਵੇਗਾ। ਭਾਰਤ ਦੀ ਆਜ਼ਾਦੀ ਦੇ ਸੌ ਸਾਲ ਹੋਣ 'ਤੇ ਇਤਿਹਾਸ ਲਿਖਿਆ ਜਾਵੇਗਾ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ। ਉਨ੍ਹਾਂ ਨੇ (ਭਾਜਪਾ ਨੀਤ ਕੇਂਦਰ ਸਰਕਾਰ ਨੇ) ਭਾਰਤ ਨੂੰ ਮੁਸ਼ਕਲ ਸਥਿਤੀ ਵਿਚ ਪਹੁੰਚਾ ਦਿਤਾ ਹੈ।'' ਹਾਲ ਹੀ ਵਿਚ ਤਾਮਿਲਨਾਡੂ ਤੋਂ ਰਾਜ ਸਭਾ ਲਈ ਚੁਣੇ ਗਏ ਵਾਇਕੋ ਤੋਂ ਰਜਨੀਕਾਂਤ ਦੇ ਬਿਆਨ 'ਤੇ ਪ੍ਰਤੀਕਿਰਿਆ ਦੇਣ ਲਈ ਕਿਹਾ ਗਿਆ ਸੀ। 

ਜ਼ਿਕਰਯੋਗ ਹੈ ਕਿ ਅਦਾਕਾਰ-ਨੇਤਾ ਰਜਨੀਕਾਂਤ ਨੇ ਕਸ਼ਮੀਰ 'ਤੇ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਮੋਦੀ-ਸ਼ਾਹ ਦੀ ਤੁਲਨਾ ਭਗਵਾਨ ਕ੍ਰਿਸ਼ਨ-ਅਰਜੁਨ ਨਾਲ ਕੀਤੀ ਸੀ। ਵਾਇਕੋ ਨੇ 5 ਅਗੱਸਤ ਨੂੰ ਰਾਜ ਸਭਾ 'ਚ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੇ ਬਿੱਲ ਦਾ ਵਿਰੋਧ ਕੀਤਾ ਸੀ।