ਰਾਘਵ ਗੌਤਮ ਵਲੋਂ ਫ਼ੇਸਬੁੱਕ ’ਤੇ ਦਰਬਾਰ ਸਾਹਿਬ ਬਾਰੇ ਵਰਤੀ ਮੰਦੀ ਸ਼ਬਦਾਵਲੀ ਨਾਲ ਲੋਕਾਂ ’ਚ ਭਾਰੀ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਭਾਵਨਾਵਾਂ ਤੇ ਧਾਰਮਕ ਫ਼ਿਰਕਿਆਂ ’ਚ ਨਫ਼ਰਤ ਫੈਲਾਉਣ ਵਾਲੇ ਸ਼ਰਾਰਤੀ ਅਨੁਸਰਾਂ ਵਿਰੁਧ ਦਰਜ ਕਰਵਾਇਆ ਕੇਸ

File Photo

ਨਵੀਂ ਦਿੱਲੀ, 12 ਅਗੱਸਤ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਤੇ ਦੁਨੀਆਂ ਭਰ ’ਚ ਵੱਖ ਵੱਖ ਧਾਰਮਕ ਫਿਰਕਿਆਂ ਦਰਮਿਆਨ ਨਫ਼ਰਤ ਫੈਲਾਉਣ ਵਾਲੇ ਇਕ ਸ਼ਰਾਰਤੀ ਅਨੁਸਰ ਖ਼ਿਲਾਫ਼ ਪੁਲਿਸ ਵਿਚ ਕੇਸ ਦਰਜ ਕਰਵਾਇਆ ਹੈ। ਐਸ.ਐਚ.ਓ. ਪੁਲਿਸ ਥਾਣਾ ਨਾਰਥ ਅਵੈਨਿਊ ਨਵੀਂ ਦਿੱਲੀ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਵਿਅਕਤੀ ਰਾਘਵ ਗੌਤਮ ਨੇ ਬਹੁਤ ਹੀ ਇਤਰਾਜ਼ਯੋਗ ਸੰਦੇਸ਼ ਪਾਏ ਹਨ ਜਿਸ ਨਾਲ ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਦੀ ਭਾਵਨਾ ਪੈਦਾ ਹੋਈ ਹੈ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।

ਉਨ੍ਹਾਂ ਨੇ ਪੁਲਿਸ ਨੂੰ ਆਖਿਆ ਕਿ ਰਾਘਵ ਦੇ ਵਿਰੁਧ ਧਾਰਾ 295 ਏ, 153 ਏ, 499, 500, 501 ਅਤੇ ਆਈ ਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਰਾਘਵ ਨੇ ਫੇਸਬੁੱਕ ’ਤੇ ਸ੍ਰੀ ਹਰਿਮੰਦਿਰ ਸਾਹਿਬ ਬਾਰੇ ਬਹੁਤ ਹੀ ਘਟੀਆ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਟਿਪਣੀਆਂ ਕੀਤੀਆਂ ਹਨ ਤੇ ਇਸ ਨੇ ਸ੍ਰੀ ਦਰਬਾਰ ਸਾਹਿਬ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਝੂਠ ਬੋਲ ਕੇ ਨਫ਼ਰਤ ਫੈਲਾਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀਆਂ ਗਲਤ ਅਤੇ ਭੜਕਾਊ ਟਿੱਪਣੀਆਂ ਨਾਲ ਦਿੱਲੀ ਦੀਆਂ ਸੜਕਾਂ ਤੇ ਭਾਰਤ ਭਰ ਵਿਚ ਦੰਗੇ ਵੀ ਭੜਕ ਸਕਦੇ ਸਨ

ਤੇ ਇਸ ਦੀ ਮਨਸ਼ਾ ਅਜਿਹੇ ਹਾਲਾਤ ਪੈਦਾ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਫ਼ੇਸਬੁੱਕ ’ਤੇ ਰਾਘਵ ਅਤੇ ਇਸ ਦੇ ਫਾਲੋਅਰਜ਼ ਦੀਆਂ ਟਿੱਪਣੀਆਂ ਦੱਸ ਰਹੀਆਂ ਹਨ ਕਿ ਜੇਕਰ ਇਸ ਵਿਰੁਧ ਕਾਰਵਾਈ ਨਾ ਹੋਈ ਤਾਂ ਹਾਲਾਤ ਵਸੋਂ ਬਾਹਰ ਹੋ ਸਕਦੇ ਹਨ। ਉਨ੍ਹਾਂ ਨੇ ਤੁਰਤ ਕਾਰਵਾਈ ਦੀ ਅਪੀਲ ਕਰਦਿਆਂ ਕਿਹਾ ਕਿ ਵੱਖ-ਵੱਖ ਫ਼ਿਰਕਿਆਂ ਵਿਚ ਸ਼ਾਂਤੀ ਤੇ ਸਦਭਾਵਨਾ ਬਵਾਈ ਰੱਖਣ ਵਾਸਤੇ ਲਾਜ਼ਮੀ ਹੈ ਕਿ ਇਸ ਵਿਰੁਧ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਦੀਆਂ ਟਿੱਪਣੀਆਂ ਨੇ ਲੋਕਾਂ ’ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ।