Four Chip Plants: ਪੰਜਾਬ, ਓਡੀਸ਼ਾ, ਆਂਧਰਾ ਪ੍ਰਦੇਸ਼ ਵਿਚ ਸਥਾਪਤ ਹੋਣਗੇ ਚਾਰ ਚਿਪ ਪਲਾਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Four Chip Plants: ਕੇਂਦਰੀ ਕੈਬਨਿਟ ਨੇ 4,594 ਕਰੋੜ ਰੁਪਏ ਦੇ ਨਿਵੇਸ਼ ਵਾਲੇ ਪ੍ਰਾਜੈਕਟਾਂ ਨੂੰ ਦਿਤੀ ਪ੍ਰਵਾਨਗੀ

Four chip plants to be set up in Punjab, Odisha, Andhra Pradesh News

Four chip plants to be set up in Punjab, Odisha, Andhra Pradesh News: ਕੇਂਦਰੀ ਕੈਬਨਿਟ ਨੇ ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਲਈ 4,594 ਕਰੋੜ ਰੁਪਏ ਦੇ ਚਾਰ ਸੈਮੀਕੰਡਕਟਰ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿਤੀ ਹੈ। ਓਡੀਸ਼ਾ ਵਿਚ ਦੋ ਅਤੇ ਪੰਜਾਬ ਤੇ ਆਂਧਰ ਪ੍ਰਦੇਸ਼ ਵਿਚ ਇਕ-ਇਕ ਪਲਾਂਟ ਸਥਾਪਤ ਹੋਵੇਗਾ। ਇਨ੍ਹਾਂ ਪ੍ਰਸਤਾਵਾਂ ਨੂੰ ਇੰਡੀਆ ਸੈਮੀਕੰਡਕਟਰ ਮਿਸ਼ਨ ਤਹਿਤ ਮਨਜ਼ੂਰੀ ਦਿਤੀ ਗਈ ਹੈ। ਇਹ 76,000 ਕਰੋੜ ਰੁਪਏ ਦਾ ਮਿਸ਼ਨ ਦੇਸ਼ ’ਚ ਚਿਪ ਨਿਰਮਾਣ ਸਹੂਲਤਾਂ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।

ਵੈਸ਼ਣਵ ਨੇ ਕਿਹਾ ਕਿ ਕੈਬਨਿਟ ਨੇ ਪੰਜਾਬ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਵਿਚ ਸਥਾਪਤ ਕੀਤੇ ਜਾਣ ਵਾਲੇ ਚਾਰ ਸੈਮੀਕੰਡਕਟਰ ਪਲਾਂਟਾਂ ਨੂੰ ਮਨਜ਼ੂਰੀ ਦੇ ਦਿਤੀ ਹੈ। ਕੈਬਨਿਟ ਨੇ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਤਾ ਫਰਮ ਸੀ.ਡੀ.ਆਈ.ਐਲ. ਦੇ ਸੈਮੀਕੰਡਕਟਰ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿਤੀ। ਇਹ ਸਹੂਲਤ ਪੰਜਾਬ ਵਿਚ 117 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤੀ ਜਾਵੇਗੀ, ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 15.8 ਕਰੋੜ ਯੂਨਿਟ ਹੋਵੇਗੀ। ਮੰਤਰੀ ਨੇ ਕਿਹਾ ਕਿ ਸਿਕਸੇਮ ਪ੍ਰਾਈਵੇਟ ਲਿਮਟਿਡ ਵਲੋਂ 2,066 ਕਰੋੜ ਰੁਪਏ ਦੇ ਨਿਵੇਸ਼ ਨਾਲ ਭੁਵਨੇਸ਼ਵਰ ਵਿਚ ਇਕ ਸਿਲੀਕਾਨ ਕਾਰਬਾਈਡ ਸੈਮੀਕੰਡਕਟਰ ਪਲਾਂਟ ਸਥਾਪਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ, ‘‘ਸਿਲੀਕਾਨ ਕਾਰਬਾਈਡ ਇਕ ਬਹੁਤ ਮਜ਼ਬੂਤ ਸਮੱਗਰੀ ਹੈ ਅਤੇ ਉੱਚ ਤਾਪਮਾਨ ਉਤੇ ਕਾਇਮ ਰਹਿ ਸਕਦੀ ਹੈ। ਸਿਲੀਕਾਨ ਕਾਰਬਾਈਡ ਦੀ ਵਰਤੋਂ ਸਾਡੀਆਂ ਮਿਜ਼ਾਈਲਾਂ, ਸੈਟੇਲਾਈਟਾਂ, ਟੈਲੀਕਾਮ ਟਾਵਰਾਂ, ਰਾਕੇਟਾਂ, ਰੇਲਵੇ ਇੰਜਣਾਂ ਆਦਿ ਵਿਚ ਕੀਤੀ ਜਾਂਦੀ ਹੈ।’’ ਮੰਤਰੀ ਨੇ ਕਿਹਾ ਕਿ ਪਲਾਂਟ ਦੀ ਸਮਰੱਥਾ ਪ੍ਰਤੀ ਸਾਲ 9.6 ਕਰੋੜ ਚਿਪਸ ਬਣਾਉਣ ਦੀ ਹੋਵੇਗੀ।  ਕੈਬਨਿਟ ਨੇ ਓਡੀਸ਼ਾ ਵਿਚ ਹੀ 1,943 ਕਰੋੜ ਰੁਪਏ ਦੇ ਨਿਵੇਸ਼ ਨਾਲ ਅਮਰੀਕੀ ਚਿਪ ਕੰਪਨੀ ਇੰਟੇਲ ਸਮਰਥਿਤ 3ਡੀ ਗਲਾਸ ਸੈਮੀਕੰਡਕਟਰ ਨਿਰਮਾਣ ਇਕਾਈ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ।

ਇਹ ਪਲਾਂਟ ਹੇਟਰੋਜੈਨਸ ਇੰਟੀਗਰੇਸ਼ਨ ਪੈਕੇਜਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਸਥਾਪਤ ਕੀਤਾ ਜਾਵੇਗਾ ਜਿਸ ਦੀ ਸਾਲਾਨਾ ਉਤਪਾਦਨ ਸਮਰੱਥਾ 5 ਕਰੋੜ ਯੂਨਿਟ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਅਮਰੀਕੀ ਫਰਮ ਲਾਕਹੀਡ ਮਾਰਟਿਨ ਵਲੋਂ ਵੀ ਸਮਰਥਨ ਦਿਤਾ ਜਾਵੇਗਾ। ਕੈਬਨਿਟ ਨੇ ਆਂਧਰਾ ਪ੍ਰਦੇਸ਼ ਵਿਚ 468 ਕਰੋੜ ਰੁਪਏ ਦੇ ਨਿਵੇਸ਼ ਨਾਲ ਐਡਵਾਂਸਡ ਸਿਸਟਮ ਇਨ ਪੈਕੇਜ ਟੈਕਨੋਲੋਜੀਜ਼ ਵਲੋਂ ਸਥਾਪਤ ਕੀਤੇ ਜਾਣ ਵਾਲੇ ਚਿਪ ਪੈਕੇਜਿੰਗ ਪਲਾਂਟ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ। 

ਇਸ ਦੀ ਸਮਰੱਥਾ ਪ੍ਰਤੀ ਸਾਲ 9.6 ਕਰੋੜ ਚਿਪਸ ਬਣਾਉਣ ਦੀ ਹੋਵੇਗੀ।  ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਚੁਕੇ ਗਏ ਵੱਖ-ਵੱਖ ਕਦਮਾਂ ਸਦਕਾ ਇਲੈਕਟ੍ਰਾਨਿਕਸ ਨਿਰਮਾਣ ਖੇਤਰ ਪਿਛਲੇ 11 ਸਾਲਾਂ ਵਿਚ ਛੇ ਗੁਣਾ ਵਧ ਕੇ 12 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕਸ ਨਿਰਯਾਤ 8 ਗੁਣਾ ਵਧ ਕੇ 3.3 ਲੱਖ ਕਰੋੜ ਰੁਪਏ ਅਤੇ ਮੋਬਾਈਲ ਉਤਪਾਦਨ 28 ਗੁਣਾ ਵਧ ਕੇ 5.5 ਲੱਖ ਕਰੋੜ ਰੁਪਏ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਭਾਰਤ 2 ਤੋਂ 4 ਸਤੰਬਰ ਤਕ ਚਾਰ ਦੇਸ਼ਾਂ ਸਿੰਗਾਪੁਰ, ਮਲੇਸ਼ੀਆ, ਜਾਪਾਨ ਅਤੇ ਕੋਰੀਆ ਨਾਲ ਸਾਂਝੇਦਾਰੀ ਵਿਚ ਸੈਮੀਕੋਨ ਇੰਡੀਆ 2025 ਦੀ ਮੇਜ਼ਬਾਨੀ ਕਰੇਗਾ।     (ਪੀਟੀਆਈ)