ਸਾਵਰਕਰ ਦੇ ਸਮਰਥਕਾਂ ਅਤੇ ਕੁਝ ਭਾਜਪਾ ਆਗੂਆਂ ਤੋਂ ਰਾਹੁਲ ਗਾਂਧੀ ਨੂੰ ਜਾਨ ਦਾ ਖ਼ਤਰਾ ਹੋਣ ਵਾਲੀ ਪਟੀਸ਼ਨ ਲਈ ਜਾਵੇਗੀ ਵਾਪਸ
ਰਾਹੁਲ ਗਾਂਧੀ ਨੂੰ ਧਮਕੀ ਦੇਣ ਦੀ ਪਟੀਸ਼ਨ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਦਾਇਰ ਕੀਤੀ ਗਈ ਸੀ, ਵਾਪਸ ਲਈ ਜਾਵੇਗੀ: ਵਕੀਲ
ਪੁਣੇ: ਵਿਨਾਇਕ ਦਾਮੋਦਰ ਸਾਵਰਕਰ ਦੇ ਸਮਰਥਕਾਂ ਵਲੋਂ ਰਾਹੁਲ ਗਾਂਧੀ ਨੂੰ ਖ਼ਤਰਾ ਹੋਣ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਅਦਾਲਤ ’ਚ ਦਾਇਰ ਕਰਨ ਦੇ ਕੁੱਝ ਘੰਟਿਆਂ ਬਾਅਦ ਕਾਂਗਰਸ ਨੇਤਾ ਦੇ ਵਕੀਲ ਨੇ ਬੁਧਵਾਰ ਨੂੰ ਕਿਹਾ ਕਿ ਇਹ ਪਟੀਸ਼ਨ ਗਾਂਧੀ ਦੀ ਸਹਿਮਤੀ ਤੋਂ ਬਿਨਾਂ ਦਾਇਰ ਕੀਤੀ ਗਈ ਸੀ ਅਤੇ ਇਸ ਨੂੰ ਵਾਪਸ ਲਿਆ ਜਾਵੇਗਾ।
ਐਡਵੋਕੇਟ ਮਿਲਿੰਦ ਪਵਾਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਅਮੋਲ ਸ਼ਿੰਦੇ ਦੇ ਸਾਹਮਣੇ ਦਾਇਰ ਅਰਜ਼ੀ ਵਾਪਸ ਲੈਣ ਲਈ ਇਕ ਹੋਰ ਅਰਜ਼ੀ ਦੇਣਗੇ।
ਪਵਾਰ ਮਰਹੂਮ ਆਜ਼ਾਦੀ ਘੁਲਾਟੀਏ ਅਤੇ ਹਿੰਦੂਤਵ ਵਿਚਾਰਕ ਵਿਰੁਧ ਕਾਂਗਰਸ ਨੇਤਾ ਦੇ ਕੁੱਝ ਬਿਆਨਾਂ ਨੂੰ ਲੈ ਕੇ ਵਿਨਾਇਕ ਦਾਮੋਦਰ ਸਾਵਰਕਰ ਦੇ ਪੋਤੇ ਸੱਤਿਆਕੀ ਸਾਵਰਕਰ ਵਲੋਂ ਦਾਇਰ ਮਾਨਹਾਨੀ ਦੇ ਕੇਸ ਵਿਚ ਰਾਹੁਲ ਗਾਂਧੀ ਦੀ ਨੁਮਾਇੰਦਗੀ ਕਰ ਰਹੇ ਹਨ।
ਵਕੀਲ ਨੇ ਦੇਰ ਸ਼ਾਮ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਗਾਂਧੀ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਅਰਜ਼ੀ ਦਾ ਖਰੜਾ ਤਿਆਰ ਕੀਤਾ ਅਤੇ ਰਾਹੁਲ ਗਾਂਧੀ ਨੇ ਇਸ ਨੂੰ ਦਾਇਰ ਕਰਨ ਉਤੇ ਸਖ਼ਤ ਇਤਰਾਜ਼ ਪ੍ਰਗਟਾਇਆ ਅਤੇ ਇਸ ਦੀ ਸਮੱਗਰੀ ਨਾਲ ਅਪਣੀ ਅਸਹਿਮਤੀ ਜ਼ਾਹਰ ਕੀਤੀ।