Supreme Court ਨੇ ਉਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਕੀਤੀ ਰੱਦ
ਸੁਸ਼ੀਲ ਕੁਮਾਰ ਖ਼ਿਲਾਫ਼ ਪਹਿਲਵਾਨ ਸਾਗਰ ਧਨਖੜ ਦੇ ਕਤਲ ਦਾ ਮਾਮਲਾ ਹੈ ਦਰਜ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਛਤਰਸਾਲ ਸਟੇਡੀਅਮ ’ਚ ਸਾਬਕਾ ਜੂਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਦੇ ਕਤਲ ਮਾਮਲੇ ਵਿਚ ਉਲੰਪਿਕ ਤਗਮਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ। ਜਸਟਿਸ ਸੰਜੇ ਕਰੋਲ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਪਹਿਲਵਾਨ ਨੂੰ ਜ਼ਮਾਨਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ 4 ਮਾਰਚ ਵਾਲੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਨੇ ਸੁਸ਼ੀਲ ਕੁਮਾਰ ਨੂੰ ਇਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ। ਸੁਸ਼ੀਲ ਕੁਮਾਰ ’ਤੇ ਪਹਿਲਵਾਨ ਸਾਗਰ ਧਨਖੜ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦਿੱਲੀ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ।
ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ’ਚ ਸ਼ਿਕਾਇਤਕਰਤਾ ਦੀ ਵਕੀਲ ਜੋਸ਼ਨੀ ਤੁਲੀ ਨੇ ਕਿਹਾ ਕਿ ਸੁਸ਼ੀਲ ਕੁਮਾਰ ਨੂੰ ਦਿੱਤੀ ਗਈ ਜ਼ਮਾਨਤ ਇਕ ਗਲਤ ਹੁਕਮ ਹੋਣ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸੇ ਲਈ ਪੀੜਤਾ ਦੇ ਪਿਤਾ ਅਸ਼ੋਕ ਧਨਖੜ ਦੀ ਅਪੀਲ ’ਤੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਹੈ। ਅਸੀਂ ਉਸ ਹੁਕਮ ਨੂੰ ਇਸ ਆਧਾਰ ’ਤੇ ਚੁਣੌਤੀ ਦਿੱਤੀ ਸੀ ਕਿ ਇਹ ਇਕ ਗਲਤ ਹੁਕਮ ਸੀ। ਇਹ ਕਾਨੂੰਨੀ ਤੌਰ ’ਤੇ ਸਹੀ ਨਹੀਂ ਸੀ ਕਿਉਂਕਿ ਸੁਸ਼ੀਲ ਕੁਮਾਰ ਨੇ ਜਦੋਂ ਵੀ ਅੰਤ੍ਰਿਮ ਜ਼ਮਾਨਤ ਲਈ ਸੀ ਤਾਂ ਗਵਾਹਾਂ ਨਾਲ ਛੇੜਛਾੜ ਕੀਤੀ ਸੀ।
ਮੁੱਖ ਗਵਾਹ ਨੇ ਮਾਮਲੇ ਦਾ ਸਮਰਥਨ ਕੀਤਾ ਸੀ। ਘਟਨਾ ਦੀ ਵੀਡੀਓ ਫੁਟੇਜ ਵੀ ਉਪਲਬਧ ਸੀ, ਇਸ ਲਈ ਅੱਜ ਇਹ ਅਪੀਲ ਸਵੀਕਾਰ ਕਰ ਲਈ ਗਈ। ਜਦੋਂ ਵੀ ਸੁਸ਼ੀਲ ਕੁਮਾਰ ਅੰਤ੍ਰਿਮ ਜ਼ਮਾਨਤ ’ਤੇ ਬਾਹਰ ਆਇਆ, ਉਸਨੇ ਜ਼ਖਮੀ ਗਵਾਹਾਂ ਸਮੇਤ ਸਾਰੇ ਸਰਕਾਰੀ ਗਵਾਹਾਂ ਨਾਲ ਛੇੜਛਾੜ ਕੀਤੀ। ਇਸੇ ਕਰਕੇ ਉਨ੍ਹਾਂ ਸਾਰਿਆਂ ਨੇ ਹੇਠਲੀ ਅਦਾਲਤ ਦੇ ਸਾਹਮਣੇ ਆਪਣੇ ਬਿਆਨ ਵਾਪਸ ਲੈ ਲਏ। ਉਨ੍ਹਾਂ ਕਿਹਾ ਕਿ ਮੁਕੱਦਮਾ ਅਜੇ ਵੀ ਚੱਲ ਰਿਹਾ ਹੈ ਅਤੇ ਬਹੁਤ ਸਾਰੇ ਸਰਕਾਰੀ ਗਵਾਹਾਂ ਤੋਂ ਹੇਠਲੀ ਅਦਾਲਤ ਵਿਚ ਪੁਛਗਿੱਛ ਹੋਣੀ ਬਾਕੀ ਹੈ।