Uttar Pradesh: ਮਾਨਸਿਕ ਤੌਰ ਉਤੇ ਅਪਾਹਜ ਗੂੰਗੀ ਔਰਤ ਨਾਲ ਜਬਰ ਜਨਾਹ, 2 ਗ੍ਰਿਫਤਾਰ
ਸੀ.ਸੀ.ਟੀ.ਵੀ. ਵਿਚ ਕੈਦ ਪੀੜਤ ਦਾ ਸੜਕ ਉਤੇ ਪਿੱਛਾ ਕਰਨ ਦੀ ਵੀਡੀਉ ਨਾਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਮਿਲੀ ਮਦਦ
ਬਲਰਾਮਪੁਰ : ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ ’ਚ ਇਕ ਮਾਨਸਿਕ ਤੌਰ ਉਤੇ ਅਪਾਹਜ ਅਤੇ ਗੂੰਗੀ-ਬੋਲੀ ਔਰਤ ਨਾਲ ਕਥਿਤ ਤੌਰ ਉਤੇ ਸਮੂਹਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ, ਜਿਸ ਨਾਲ ਪੁਲਿਸ ਨੂੰ ਦੋ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਵਿਚ ਮਦਦ ਮਿਲੀ।
ਵਿਰੋਧੀ ਪਾਰਟੀਆਂ ਨੇ ਇਸ ਘਟਨਾ ਨੂੰ ਲੈ ਕੇ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੀ ਆਲੋਚਨਾ ਕੀਤੀ ਅਤੇ ਇਸ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਗੰਭੀਰ ਪ੍ਰਤੀਬਿੰਬ ਦਸਿਆ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 21 ਸਾਲ ਦੀ ਔਰਤ ਦੇ ਭਰਾ ਨੇ ਦੋ ਦਿਨ ਪਹਿਲਾਂ ਕੋਤਵਾਲੀ ਦੇਹਾਤ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਗੁੰਗੀ-ਬੋਲੀ ਅਤੇ ਮਾਨਸਿਕ ਤੌਰ ਉਤੇ ਕਮਜ਼ੋਰ ਭੈਣ ਨਾਲ ਸਮੂਹਕ ਜਬਰ ਜਨਾਹ ਕੀਤਾ ਗਿਆ।
ਪੁਲਿਸ ਸੁਪਰਡੈਂਟ ਵਿਕਾਸ ਕੁਮਾਰ ਨੇ ਕਿਹਾ ਕਿ ਸੋਮਵਾਰ ਨੂੰ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਤੁਰਤ ਜਾਂਚ ਸ਼ੁਰੂ ਕਰ ਦਿਤੀ ਗਈ ਸੀ। ਉਨ੍ਹਾਂ ਕਿਹਾ ਕਿ ਔਰਤ ਵਲੋਂ ਲਏ ਗਏ ਰਸਤੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਸੀ.ਸੀ.ਟੀ.ਵੀ. ਫੁਟੇਜ ਨੇ ਦੋ ਸ਼ੱਕੀਆਂ ਅੰਕੁਰ ਵਰਮਾ ਅਤੇ ਹਰਸ਼ਿਤ ਪਾਂਡੇ ਦੀ ਪਛਾਣ ਕਰਨ ਵਿਚ ਮਦਦ ਕੀਤੀ। ਉਨ੍ਹਾਂ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਮੁੱਢਲੀ ਪੁੱਛ-ਪੜਤਾਲ ਦੌਰਾਨ ਉਨ੍ਹਾਂ ਨੇ ਅਪਣਾ ਜੁਰਮ ਕਬੂਲ ਕਰ ਲਿਆ ਸੀ।
16 ਸੈਕਿੰਡ ਦੀ ਸੀ.ਸੀ.ਟੀ.ਵੀ. ਫੁਟੇਜ ’ਚ ਔਰਤ ਨੰਗੇ ਪੈਰ ਨਜ਼ਰ ਆ ਰਹੀ ਹੈ ਅਤੇ ਉਹ ਇਕ ਸੁੰਨਸਾਨ ਸੜਕ ਉਤੇ ਦੌੜਦੀ ਨਜ਼ਰ ਆ ਰਹੀ ਹੈ ਅਤੇ ਮੋਟਰਸਾਈਕਲ ਉਤੇ ਸਵਾਰ ਲੋਕ ਉਸ ਦਾ ਪਿੱਛਾ ਕਰ ਰਹੇ ਹਨ।
ਸ਼ਿਕਾਇਤ ਅਨੁਸਾਰ ਔਰਤ ਅਪਣੇ ਮਾਮੇ ਦੇ ਘਰ ਜਾ ਰਹੀ ਸੀ ਕਿ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ ਉਤੇ ਚੁੱਕ ਲਿਆ ਅਤੇ ਨੇੜਲੇ ਇਕ ਸੁੰਨਸਾਨ ਸਥਾਨ ਉਤੇ ਉਸ ਨਾਲ ਜਬਰ ਜਨਾਹ ਕੀਤਾ। ਵਧੀਕ ਐਸ.ਪੀ. ਵਿਸ਼ਾਲ ਪਾਂਡੇ ਨੇ ਕਿਹਾ ਕਿ ਹਮਲੇ ਵਾਲੀ ਥਾਂ ਦਾ ਤੁਰਤ ਨਿਰੀਖਣ ਕੀਤਾ ਗਿਆ ਅਤੇ ਔਰਤ ਨੂੰ ਡਾਕਟਰੀ ਜਾਂਚ ਲਈ ਭੇਜਿਆ ਗਿਆ। ਪੁਲਿਸ ਨੇ ਦਸਿਆ ਕਿ ਮਾਮਲੇ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।