ਸੰਸਦ ਦਾ ਮਾਨਸੂਨ ਇਜਲਾਸ ਕੱਲ੍ਹ ਤੋਂ, 20 ਸਾਲਾਂ ‘ਚ ਪਹਿਲੀ ਵਾਰ ਨਹੀਂ ਹੋਵੇਗੀ ਆਲ ਪਾਰਟੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਨਹੀਂ ਕਰਨਗੇ।

Monsoon Session

ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੰਸਦ ਦੇ ਮਾਨਸੂਨ ਇਜਲਾਸ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਨਹੀਂ ਕਰਨਗੇ। ਪਿਛਲੇ 20 ਸਾਲਾਂ ਵਿਚ ਅਜਿਹਾ ਕਦੀ ਨਹੀਂ ਹੋਇਆ ਸੀ। ਮੀਡੀਆ ਰਿਪੋਰਟ ਮੁਤਾਬਕ ਲੋਕ ਸਭਾ ਮੁਖੀ ਓਮ ਬਿੜਲਾ ਅਤੇ ਵਿਰੋਧੀ ਨੇਤਾਵਾਂ ਦੇ ਵਿਚਕਾਰ ਵਧਦੀਆਂ ਦੂਰੀਆਂ ਦੇ ਚਲਦਿਆਂ ਅਜਿਹਾ ਨਹੀਂ ਹੋ ਪਾ ਰਿਹਾ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਮੁਖੀ ਨੇ ਐਤਵਾਰ ਨੂੰ ਸੰਸਦ ਦੀ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਬੈਠਕ ਬੁਲਾਈ ਸੀ। ਸਵੇਰੇ 11 ਵਜੇ ਹੋਈ ਇਸ ਬੈਠਕ ਵਿਚ ਸੰਸਦ ਦੇ ਇਜਲਾਸ ਦੇ ਏਜੰਡੇ ‘ਤੇ ਚਰਚਾ ਹੋਈ। ਬੈਠਕ ਵਿਚ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕਾਂਗਰਸ ਨੇਤਾ ਅਧੀਨ ਰੰਜਨ ਚੌਧਰੀ ਅਤੇ ਅਸਦੁੱਦੀਨ ਉਵੈਸੀ ਸ਼ਾਮਲ ਹੋਏ ਸੀ।

ਇਸ ਵਾਰ ਦੇ ਇਜਲਾਸ ਵਿਚ ਵਿਰੋਧੀਆਂ ਵੱਲੋਂ ਭਾਰਤ-ਚੀਨ ਵਿਵਾਦ, ਕੋਰੋਨਾ ਵਾਇਰਸ ਅਤੇ ਅਰਥਵਿਵਸਥਾ ਦੇ ਮੁੱਦੇ ਚੁੱਕੇ ਜਾ ਸਕਦੇ ਹਨ। ਸਮੇਂ ਦੀ ਕਮੀ ਦੇ ਚਲਦਿਆਂ ਇਸ ਵਾਰ 18 ਦਿਨਾਂ ਤੱਕ ਲਗਾਤਾਰ ਸੰਸਦ ਜਾ ਇਜਲਾਸ ਚੱਲੇਗਾ। ਕੋਰੋਨਾ ਅਤੇ ਲੌਕਡਾਊਨ ਦੇ ਚਲਦਿਆਂ ਇਸ ਵਾਰ ਦੋ ਸੰਸਦ ਸੈਸ਼ਨਾਂ ਵਿਚਕਾਰ ਕਰੀਬ 6 ਮਹੀਨੇ ਦਾ ਅੰਤਰ ਰਿਹਾ ਹੈ।

ਇਸ ਵਾਰ ਲੋਕ ਸਭਾ ਅਤੇ ਰਾਜ ਸਭਾ ਦੋ ਹਿੱਸਿਆਂ ਵਿਚ ਅਯੋਜਿਤ ਕੀਤੀ ਜਾਵੇਗੀ। ਰੋਜ਼ਾਨਾ ਸਵੇਰੇ 9 ਵਜੇ ਤੋਂ 1 ਵਜੇ ਤੱਕ ਰਾਜ ਸਭਾ ਦਾ ਸੈਸ਼ਨ ਚੱਲੇਗਾ। ਉਸ ਤੋਂ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਲੋਕ ਸਭਾ ਦਾ ਸੈਸ਼ਨ ਚੱਲੇਗਾ। ਇਸ ਦੌਰਾਨ ਦੋ ਘੰਟੇ ਵਿਚ ਸੰਸਦ ਨੂੰ ਸੈਨੀਟਾਈਜ਼ ਕਰਨ ਦਾ ਕੰਮ ਹੋਵੇਗਾ। ਕੋਵਿਡ-19 ਦੇ ਚਲਦਿਆਂ ਇਜਲਾਸ ਵਿਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ, ਲੋਕ ਸਭਾ ਅਤੇ ਰਾਜ ਸਭਾ ਦੇ ਕਰਮਚਾਰੀਆਂ ਨੂੰ ਆਰਟੀ-ਪੀਸੀਆਰ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।