AAP ਨੂੰ ED ਦਾ ਨੋਟਿਸ, ਰਾਘਵ ਚੱਢਾ ਬੋਲੇ-ਮੋਦੀ ਸਰਕਾਰ ਦੀ ਮਨਪਸੰਦ ਏਜੰਸੀ ਨੇ ਭੇਜਿਆ 'Love Letter'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਈਡੀ ਨੇ ਪੰਕਜ ਗੁਪਤਾ ਨੂੰ ਸੰਮਨ ਭੇਜ ਕੇ ਅਗਲੇ ਹਫਤੇ ਪੁੱਛਗਿੱਛ ਲਈ ਕੀਤਾ ਤਲਬ

Raghav Chadha

 

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਸਕੱਤਰ ਪੰਕਜ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਹੈ। ਈਡੀ ਨੇ ਪੰਕਜ ਗੁਪਤਾ ਨੂੰ ਸੰਮਨ ਭੇਜ ਕੇ ਅਗਲੇ ਹਫਤੇ ਪੁੱਛਗਿੱਛ ਲਈ ਤਲਬ ਕੀਤਾ ਹੈ।

 

 

ਸੂਤਰਾਂ ਅਨੁਸਾਰ ਜਿਸ ਮਾਮਲੇ ਵਿੱਚ ਪੰਕਜ ਗੁਪਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਉਹ ਪੰਜਾਬ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਸਬੰਧਤ ਹੈ। ਈਡੀ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਸਾਲ ਮਾਰਚ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਟਿਕਾਣਿਆਂ ਦੀ  ਵੀ ਤਲਾਸ਼ੀ ਲਈ ਗਈ ਸੀ।

 

 

ਸੁਖਪਾਲ ਸਿੰਘ ਖਹਿਰਾ, ਜੋ ਕਿ ਆਮ ਆਦਮੀ ਪਾਰਟੀ (ਆਪ) ਦਾ ਹਿੱਸਾ ਸਨ ਤੇ ਈਡੀ ਦੀ ਉਦੋਂ ਨਜ਼ਰ ਪਈ ਜਦੋਂ ਨਸ਼ਿਆਂ ਦੀ ਤਸਕਰੀ ਅਤੇ ਜਾਅਲੀ ਪਾਸਪੋਰਟਾਂ ਨਾਲ ਸਬੰਧਤ ਦੋ ਐਫਆਈਆਰਜ਼ ਦੀ ਜਾਂਚ ਸ਼ੁਰੂ ਕੀਤੀ। ਅੱਜ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਸਭ ਤੋਂ ਪਸੰਦੀਦਾ ਏਜੰਸੀ ਈਡੀ ਨੇ ‘ਆਪ’ ਨੂੰ ਇੱਕ ਪ੍ਰੇਮ ਪੱਤਰ ਲਿਖਿਆ ਹੈ। ਇਹ 10 ਸਤੰਬਰ ਨੂੰ ਭੇਜਿਆ ਗਿਆ ਹੈ, ਪੰਕਜ ਗੁਪਤਾ ਨੂੰ 22 ਸਤੰਬਰ ਨੂੰ ਈਡੀ ਦਫਤਰ ਬੁਲਾਇਆ ਗਿਆ ਹੈ। ਭਾਜਪਾ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਇਹ ਸਾਨੂੰ ਡਰਾ ਨਹੀਂ ਸਕੇਗੀ।

 

ਰਾਘਵ ਚੱਢਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਲੋਕਪ੍ਰਿਅਤਾ ਕਾਰਨ ਨਰਿੰਦਰ ਮੋਦੀ ਘਬਰਾ ਗਏ ਹਨ ਅਤੇ ਇਸ ਲਈ ਅਜਿਹੇ ਕਦਮ ਚੁੱਕ ਰਹੇ ਹਨ। ਇਹ ਸਭ ਕੁਝ ਪੰਜਾਬ, ਗੋਆ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।

 

 

 ਇਸਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਵੀ ਇਸ ਮੁੱਦੇ 'ਤੇ ਕੇਂਦਰ ਨੂੰ ਘੇਰਿਆ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਉਹ ਸਾਨੂੰ ਆਈਟੀ ਵਿਭਾਗ, ਸੀਬੀਆਈ, ਦਿੱਲੀ ਪੁਲਿਸ ਤੋਂ ਡਰਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਸੀਂ ਇੱਥੇ 62 ਸੀਟਾਂ ਜਿੱਤੀਆਂ। ਹੁਣ ਜਦੋਂ ਅਸੀਂ ਪੰਜਾਬ, ਗੋਆ, ਗੁਜਰਾਤ, ਉੱਤਰਾਖੰਡ ਅਤੇ ਯੂਪੀ ਵਿੱਚ ਵਧ ਰਹੇ ਹਾਂ, ਤਾਂ ਸਾਡੇ ਪਿੱਛੇ ਈਡੀ ਨੂੰ ਲਗਾ ਦਿੱਤਾ ਭਾਜਪਾ ਕਦੇ ਵੀ ਸਫਲ ਨਹੀਂ ਹੋਵੇਗੀ।