ਬੰਗਾਲ 'ਚ ਭਾਜਪਾ ਵਰਕਰਾਂ ਨੇ ਕੀਤਾ ਪਥਰਾਅ, ਪੁਲਿਸ ਨੇ ਵੀ ਛੱਡੇ ਅੱਥਰੂ ਗੈਸ ਦੇ ਗੋਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ।

photo

 

ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। ਭਾਜਪਾ ਆਗੂਆਂ ਨੇ ਇੱਕ ਵਾਰ ਫਿਰ ਮਮਤਾ ਬੈਨਰਜੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ, ਪ੍ਰਦੇਸ਼ ਭਾਜਪਾ ਨੇ ਆਪਣੇ ਦਿੱਗਜ ਨੇਤਾਵਾਂ ਦੀ ਅਗਵਾਈ 'ਚ ਨਾਬਾਨ ਮੁਹਿੰਮ ਚਲਾਈ ਹੈ, ਜਿਸ 'ਚ ਸਾਰੇ ਵਰਕਰ ਸੂਬਾ ਸਕੱਤਰੇਤ ਨਬਾਨ ਵੱਲ ਮਾਰਚ ਕਰ ਰਹੇ ਹਨ। ਇਸ ਦੌਰਾਨ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਣੀਗੰਜ ਰੇਲਵੇ ਸਟੇਸ਼ਨ ਦੇ ਬਾਹਰ ਭਾਜਪਾ ਵਰਕਰ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕਿ ਭਾਜਪਾ ਨੇ ਇਸ ਮੁਹਿੰਮ ਲਈ ਪੁਲਿਸ ਤੋਂ ਇਜਾਜ਼ਤ ਨਹੀਂ ਲਈ ਸੀ।

ਭਾਜਪਾ ਨੇਤਾ ਅਤੇ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੂਜੇ ਪਾਸੇ ਬੰਗਾਲ ਭਾਜਪਾ ਦੇ ਮੁਖੀ ਸੁਕਾਂਤ ਮਜੂਮਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੇ ਨਾਬਾਂ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸੁਵੇਂਦੂ ਨੇ ਕਿਹਾ ਕਿ ਇਹ ਸ਼ਾਂਤੀਪੂਰਨ ਅੰਦੋਲਨ ਹੈ। ਇਹ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਵਿਰੁੱਧ ਇੱਕ ਹੰਗਾਮਾ ਹੈ।

ਬੰਗਾਲ ਦੇ ਲੋਕ ਮਮਤਾ ਜੀ ਦੇ ਨਾਲ ਨਹੀਂ ਹਨ, ਇਸ ਲਈ ਉਹ ਉੱਤਰੀ ਕੋਰੀਆ ਵਾਂਗ ਬੰਗਾਲ ਵਿੱਚ ਤਾਨਾਸ਼ਾਹੀ ਕਰ ਰਹੀ ਹੈ। ਸੁਵੇਂਦੂ ਤੋਂ ਇਲਾਵਾ ਰਾਹੁਲ ਸਿਨਹਾ ਅਤੇ ਲਾਕੇਟ ਚੈਟਰਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਨਬਨ ਚਲੋ ਮਾਰਚ ਦੇ ਸੱਦੇ ਦੇ ਦੌਰਾਨ ਹਾਵੜਾ ਦੇ ਸੰਤਰਾਗਾਚੀ ਖੇਤਰ ਵਿੱਚ ਭਾਜਪਾ ਵਰਕਰਾਂ ਨੂੰ ਰੋਕਣ ਅਤੇ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਇਸ ਦੌਰਾਨ ਭੜਕੇ ਹੋਏ ਵਰਕਰਾਂ ਨੇ ਪਥਰਾਅ ਵੀ ਕੀਤਾ। ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।