'ਜਲਦੀ ਖਾਕੀ ਨਿੱਕਰ' 'ਤੇ ਕਮਲਨਾਥ ਦਾ ਵਿਅੰਗ: ਕੀ ਭਾਜਪਾ 'ਚ ਹਰ ਕੋਈ ਨਿੱਕਰ ਪਹਿਨਦਾ ਹੈ?
ਭਾਜਪਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦੀ ਸਫ਼ਲਤਾ ਤੋਂ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੀ ਹੈ।
ਇੰਦੌਰ - ਕਾਂਗਰਸ ਦੇ ਟਵਿੱਟਰ ਅਕਾਊਂਟ 'ਤੇ ਸੜਦੀ ਖਾਕੀ ਨਿੱਕਰ ਦੀ ਤਸਵੀਰ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੰਗਾਮਾ ਮਚ ਗਿਆ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨਿੱਕਰ ਮਾਮਲੇ ਨੂੰ ਬੇਵਜ੍ਹਾ ਉਛਾਲ ਰਹੀ ਹੈ ਕਿਉਂਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਦੀ ਸਫ਼ਲਤਾ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ।
ਭਾਜਪਾ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਇਸ ਦੇ ਸਾਰੇ ਵਰਕਰ ਨਿੱਕਰ ਪਹਿਨਦੇ ਹਨ। ਖਾਕੀ ਨਿੱਕਰ ਨੂੰ ਸਾੜਨ ਦੀ ਵਿਵਾਦਤ ਤਸਵੀਰ 'ਤੇ ਕਮਲਨਾਥ ਨੇ ਇੰਦੌਰ 'ਚ ਪੱਤਰਕਾਰਾਂ ਨੂੰ ਕਿਹਾ, ''ਭਾਜਪਾ ਖ਼ੁਦ ਨੂੰ ਨਿੱਕਰ ਨਾਲ ਕਿਉਂ ਜੋੜਦੀ ਹੈ? ਜੇਕਰ ਕੋਈ ਵਿਅਕਤੀ ਨਿੱਕਰ ਪਹਿਨਦਾ ਹੈ ਤਾਂ ਕੀ ਉਹ ਭਾਜਪਾ ਨਾਲ ਸਬੰਧਤ ਹੈ? ਕੀ ਭਾਜਪਾ ਵਿਚ ਹਰ ਕੋਈ ਨਿੱਕਰ ਪਹਿਨਦਾ ਹੈ?
ਉਨ੍ਹਾਂ ਆਪਣੀ ਗੱਲ 'ਚ ਕਿਹਾ ਕਿ ਭਾਜਪਾ ਰਾਹੁਲ ਗਾਂਧੀ ਦੀ ਅਗਵਾਈ 'ਚ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦੀ ਸਫ਼ਲਤਾ ਤੋਂ ਜਨਤਾ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਕਮਲਨਾਥ ਨੇ ਕਿਹਾ, ''ਇਸ ਯਾਤਰਾ ਨਾਲ ਭਾਜਪਾ ਦੇ ਢਿੱਡ 'ਚ ਦਰਦ ਕਿਉਂ ਹੋ ਰਿਹਾ ਹੈ? ਉਹਨਾਂ ਕਿਹਾ ਕਿ ਭਾਜਪਾ ਕਦੇ ਇਸ ਯਾਤਰਾ ਵਿਚ ਰਾਹੁਲ ਗਾਂਧੀ ਦੇ ਪਾਏ ਹੋਏ ਜੁੱਤਿਆਂ ਦੀ ਗੱਲ ਕਰਦੀ ਹੈ ਤਾਂ ਕਦੇ ਉਹਨਾਂ ਦੇ ਪਾਈ ਟੀ-ਸ਼ਰਟ ਦੀ ਗੱਲ ਕਰਦੀ ਹੈ ਪਰ ਸੱਤਾਧਾਰੀ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਥਿਤ ਤੌਰ 'ਤੇ 10 ਲੱਖ ਰੁਪਏ ਦੇ ਸੂਟ ਦੀ ਗੱਲ ਨਹੀਂ ਕਰ ਰਹੀ ਹੈ। ਕਮਲਨਾਥ ਨੇ ਇਹ ਵੀ ਦਾਅਵਾ ਕੀਤਾ ਕਿ ਮੋਦੀ ਦਿਨ ਵਿਚ ਤਿੰਨ ਵਾਰ ਕੱਪੜੇ ਬਦਲਦੇ ਹਨ।
ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਮੰਗਲਵਾਰ ਤੋਂ ਵਿਧਾਨ ਸਭਾ ਦਾ ਪੰਜ ਦਿਨਾਂ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ ਪਰ ਮੁੱਖ ਵਿਰੋਧੀ ਧਿਰ ਕਾਂਗਰਸ ਦੇ ਪ੍ਰਧਾਨ ਕਮਲਨਾਥ ਇਸ 'ਚ ਸ਼ਾਮਲ ਨਹੀਂ ਹੋਏ ਅਤੇ ਇੰਦੌਰ ਅਤੇ ਆਗਰਾ-ਮਾਲਵਾ ਦੇ ਇਕ ਰੋਜ਼ਾ ਦੌਰੇ 'ਤੇ ਚਲੇ ਗਏ। ਸੈਸ਼ਨ ਦੇ ਪਹਿਲੇ ਦਿਨ ਵਿਧਾਨ ਸਭਾ ਵਿਚ ਉਨ੍ਹਾਂ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤੈਅ ਪ੍ਰੋਗਰਾਮ ਮੁਤਾਬਕ ਸੋਮਵਾਰ ਨੂੰ ਆਗਰ-ਮਾਲਵਾ ਜਾਣਾ ਸੀ, ਪਰ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਦੇ ਦੇਹਾਂਤ ਕਾਰਨ ਉਹ ਦਰਸ਼ਨਾਂ ਲਈ ਝੋਟੇਸ਼ਵਰ ਸਥਿਤ ਆਪਣੇ ਆਸ਼ਰਮ ਗਏ ਅਤੇ ਸੋਮਵਾਰ ਦੀ ਬਜਾਏ ਮੰਗਲਵਾਰ ਨੂੰ ਇੰਦੌਰ ਅਤੇ ਆਗਰ-ਮਾਲਵਾ ਜਾਣਾ ਉਚਿਤ ਸਮਝਿਆ।
ਕਮਲਨਾਥ ਨੇ ਕਿਹਾ, ''ਸਾਡੇ ਕੋਲ (ਅੱਜ) ਵਿਧਾਨ ਸਭਾ 'ਚ ਹੋਰ ਮੈਂਬਰ ਹੋਣਗੇ। ਉੱਥੇ ਮੇਰੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਡੇ-ਵੱਡੇ ਪ੍ਰਾਜੈਕਟਾਂ ਦੇ ਠੇਕੇ ਦੇ ਕੇ ਭ੍ਰਿਸ਼ਟਾਚਾਰ ਰਾਹੀਂ ‘ਕਮਿਸ਼ਨ’ ਹਾਸਲ ਕਰਨ ਲਈ ਅੰਨ੍ਹੇਵਾਹ ਕਰਜ਼ੇ ਲੈ ਰਹੀ ਹੈ, ਨਾ ਕਿ ਕਿਸਾਨਾਂ ਅਤੇ ਬੇਰੁਜ਼ਗਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਰਹੀ ਹੈ।