ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ਡਰਾਈਵਰ ਨੇ ਕੀਤਾ ਬਲਾਤਕਾਰ, ਮਹਿਲਾ ਅਟੈਂਡੈਂਟ ਨੇ ਵੀ ਦਿੱਤਾ ਸਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਇਸ ਮਾਮਲੇ ਵਿਚ ਬੱਸ ਡਰਾਈਵਰ ਅਤੇ ਇੱਕ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ

Nursery child raped in school bus by driver

 

ਭੋਪਾਲ: ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਸਾਢੇ ਤਿੰਨ ਸਾਲਾ ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿਚ ਬੱਸ ਡਰਾਈਵਰ ਅਤੇ ਇੱਕ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਲੜਕੀ ਦੇ ਮਾਤਾ-ਪਿਤਾ ਦੇ ਅਨੁਸਾਰ ਪਿਛਲੇ ਵੀਰਵਾਰ ਨੂੰ ਘਟਨਾ ਦੇ ਸਮੇਂ ਗੱਡੀ ਵਿਚ ਮੌਜੂਦ ਸਨ। ਸ਼ਹਿਰ ਦੇ ਇੱਕ ਨਾਮਵਰ ਪ੍ਰਾਈਵੇਟ ਸਕੂਲ ਵਿਚ ਪੜ੍ਹਦੀ ਲੜਕੀ ਘਟਨਾ ਸਮੇਂ ਬੱਸ ਰਾਹੀਂ ਘਰ ਪਰਤ ਰਹੀ ਸੀ।

ਇਸ ਦੌਰਾਨ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਮਾਮਲੇ ਨੂੰ ਕਥਿਤ ਤੌਰ 'ਤੇ ਛੁਪਾਉਣ ਲਈ ਸਕੂਲ ਪ੍ਰਬੰਧਨ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ, ਜਦਕਿ ਕਾਂਗਰਸ ਨੇ ਸੂਬੇ 'ਚ ਵਿਗੜਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਮਿਸ਼ਰਾ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਮੁਤਾਬਕ ਜਦੋਂ ਲੜਕੀ ਘਰ ਆਈ ਤਾਂ ਉਸ ਦੀ ਮਾਂ ਨੇ ਦੇਖਿਆ ਕਿ ਕਿਸੇ ਨੇ ਉਸ ਦੇ ਕੱਪੜੇ ਬਦਲ ਕੇ ਉਸ ਦੇ ਬੈਗ ਵਿਚ ਰੱਖੀ ਇਕ ਹੋਰ ਵਰਦੀ ਪਾ ਦਿੱਤੀ ਸੀ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਂ ਨੇ ਆਪਣੀ ਬੇਟੀ ਦੇ ਕਲਾਸ ਟੀਚਰ ਅਤੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਪਰ ਦੋਵਾਂ ਨੇ ਬੱਚੀ ਦੇ ਕੱਪੜੇ ਬਦਲਣ ਤੋਂ ਇਨਕਾਰ ਕਰ ਦਿੱਤਾ।

ਅਧਿਕਾਰੀ ਮੁਤਾਬਕ ਲੜਕੀ ਦੇ ਮਾਪੇ ਅਗਲੇ ਦਿਨ ਸਕੂਲ ਪ੍ਰਬੰਧਕਾਂ ਨੂੰ ਸ਼ਿਕਾਇਤ ਕਰਨ ਲਈ ਗਏ। ਇਸ ਦੌਰਾਨ ਲੜਕੀ ਨੇ ਉਸ ਡਰਾਈਵਰ ਨੂੰ ਪਛਾਣ ਲਿਆ ਜਿਸ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਸਹਾਇਕ ਪੁਲਿਸ ਕਮਿਸ਼ਨਰ ਨਿਧੀ ਸਕਸੈਨਾ ਨੇ ਦੱਸਿਆ ਕਿ ਲੜਕੀ ਦੇ ਮਾਪਿਆਂ ਨੇ ਸੋਮਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਉਹਨਾਂ ਦੱਸਿਆ ਕਿ ਲੜਕੀ ਦੇ ਮਾਪਿਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਘਟਨਾ ਸਮੇਂ ਬੱਸ ਵਿਚ ਇੱਕ ਮਹਿਲਾ ਅਟੈਂਡੈਂਟ ਵੀ ਮੌਜੂਦ ਸੀ। ਸਕਸੈਨਾ ਮੁਤਾਬਕ ਦੋਸ਼ੀ ਬੱਸ ਡਰਾਈਵਰ ਅਤੇ ਮਹਿਲਾ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਹਨਾਂ ਕਿਹਾ ਕਿ ਦੋਵਾਂ ਖ਼ਿਲਾਫ਼ ਭਾਰਤੀ ਦੰਡ ਵਿਧਾਨ (ਆਈਪੀਸੀ) ਦੀ ਧਾਰਾ 376-ਏਬੀ (12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਕਸੈਨਾ ਮੁਤਾਬਕ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਕਿੱਥੇ ਹੋਈ। ਉਹਨਾਂ ਕਿਹਾ ਕਿ ਪੀੜਤਾ ਦੀ ਮੈਡੀਕਲ ਜਾਂਚ ਰਿਪੋਰਟ ਦੀ ਉਡੀਕ ਹੈ।