ਜੀ-20 ਸੰਮੇਲਨ 'ਚ ਮਹਿਮਾਨਾਂ ਨੂੰ ਦਿੱਤੀ 'ਇੰਡੀਆ: ਦਿ ਮਦਰ ਆਫ ਡੈਮੋਕਰੇਸੀ' ਕਿਤਾਬ, ਜਾਣੋ ਕਿਉਂ ਹੈ ਖਾਸ
ਕਿਤਾਬ ਭਾਰਤੀ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸਾਰ ਨੂੰ ਦਰਸਾਉਂਦੀ ਹੈ।
ਨਵੀਂ ਦਿੱਲੀ: ਭਾਰਤ ਨੇ ਜੀ-20 ਸਿਖਰ ਸੰਮੇਲਨ ਦੇ 18ਵੇਂ ਸੰਸਕਰਨ ਦੀ ਮੇਜ਼ਬਾਨੀ ਕੀਤੀ ਜੋ ਦੇਸ਼ ਲਈ ਯਾਦਗਾਰ ਪਲ ਸੀ। ਰਾਜਧਾਨੀ ਦਿੱਲੀ 'ਚ ਜੀ-20 ਬੈਠਕ ਦੇ ਆਖਰੀ ਪੜਾਅ ਤੋਂ ਬਾਅਦ ਹੁਣ ਸੰਮੇਲਨ ਖਤਮ ਹੋ ਗਿਆ ਹੈ।
ਸੰਮੇਲਨ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਕੇਂਦਰ ਸਰਕਾਰ ਵੱਲੋਂ ‘ਇੰਡੀਆ: ਦਿ ਮਦਰ ਆਫ਼ ਡੈਮੋਕਰੇਸੀ’ ਨਾਂ ਦੀ ਵਿਸ਼ੇਸ਼ ਪੁਸਤਕ ਦਿਤੀ ਗਈ ਹੈ।
ਵਰਨਣਯੋਗ ਹੈ ਕਿ ਇਹ ਕਿਤਾਬ ਭਾਰਤੀ ਲੋਕਤੰਤਰੀ ਕਦਰਾਂ-ਕੀਮਤਾਂ ਦੇ ਸਾਰ ਨੂੰ ਦਰਸਾਉਂਦੀ ਹੈ। ਇਸ ਪੁਸਤਕ ਵਿੱਚ ਭਾਰਤ ਦੇ ਪਿਛਲੇ 8000 ਸਾਲਾਂ ਦਾ ਗੌਰਵਮਈ ਇਤਿਹਾਸ ਦਰਜ ਹੈ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਇਸ ਵਿਚ ਮੁਗਲ ਅਤੇ ਬ੍ਰਿਟਿਸ਼ ਰਾਜ ਦਾ ਕੋਈ ਜ਼ਿਕਰ ਨਹੀਂ ਹੈ।
ਜਾਣਕਾਰੀ ਅਨੁਸਾਰ ਇਹ ਕਿਤਾਬ ਆਨਲਾਈਨ ਰੂਪ ਵਿੱਚ ਵੀ ਉਪਲਬਧ ਹੈ ਜਿਸ ਵਿੱਚ ਭਾਰਤੀ ਰਾਜਿਆਂ ਦਾ ਜ਼ਿਕਰ ਕੀਤਾ ਗਿਆ ਹੈ। ਅੰਗਰੇਜ਼ਾਂ ਅਤੇ ਮੁਗ਼ਲ ਸ਼ਾਸਨ ਕਾਲ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਰਾਜਿਆਂ ਅਤੇ ਉਨ੍ਹਾਂ ਦੇ ਕਾਰਨਾਮਿਆਂ ਦਾ ਜ਼ਿਕਰ ਪੁਸਤਕ ਵਿੱਚ ਮਿਲਦਾ ਹੈ।
‘ਇੰਡੀਆ: ਦ ਮਦਰ ਆਫ਼ ਡੈਮੋਕਰੇਸੀ’ ਵਿੱਚ ਵੇਦਾਂ ਦਾ ਜ਼ਿਕਰ ਕੀਤਾ ਗਿਆ ਹੈ। ਗੌਤਮ ਬੁੱਧ ਤੋਂ ਲੈ ਕੇ ਚਾਣਕਯ ਤੱਕ ਦੇ ਸਮੇਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ।