ਹਿਮਾਚਲ ਪ੍ਰਦੇਸ਼ ’ਚ ਮੁੜ ਫਟਿਆ ਬੱਦਲ, ਮਲਬੇ ’ਚ ਦੱਬੀਆਂ ਗੱਡੀਆਂ, ਖੇਤਾਂ ’ਚ ਭਾਰੀ ਨੁਕਸਾਨ
ਅੱਜ ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ
ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ’ਚ ਸਨਿਚਰਵਾਰ ਤੜਕੇ ਬੱਦਲ ਫਟਣ ਕਾਰਨ ਕਈ ਗੱਡੀਆਂ ਮਲਬੇ ’ਚ ਦੱਬ ਗਈਆਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ। ਹਾਲਾਂਕਿ ਨੈਣਾਂ ਦੇਵੀ ਵਿਧਾਨ ਸਭਾ ਹਲਕੇ ਦੇ ਗੁਤਰਾਹਨ ਪਿੰਡ ਵਿਚ ਸਵੇਰੇ 3 ਵਜੇ ਦੇ ਕਰੀਬ ਬੱਦਲ ਫਟਣ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਪਿੰਡ ਵਾਸੀ ਕਸ਼ਮੀਰ ਸਿੰਘ ਨੇ ਕਿਹਾ ਕਿ ਮਲਬੇ ਨਾਲ ਭਰੇ ਪਾਣੀ ਨੇ ਖੇਤਾਂ ’ਚ ਖੜ੍ਹੀਆਂ ਫਸਲਾਂ ਤਬਾਹ ਕਰ ਦਿਤੀਆਂ।
ਬਿਲਾਸਪੁਰ ਦੇ ਡਿਪਟੀ ਕਮਿਸ਼ਨਰ ਰਾਹੁਲ ਕੁਮਾਰ ਨੇ ਦਸਿਆ ਕਿ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਰੀਪੋਰਟ ਮਿਲਣ ਤੋਂ ਬਾਅਦ ਰਾਹਤ ਪ੍ਰਦਾਨ ਕੀਤੀ ਜਾਵੇਗੀ। ਘਟਨਾ ਦੀ ਸੂਚਨਾ ਮਿਲਦੇ ਹੀ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਲੋਕ ਨਿਰਮਾਣ ਵਿਭਾਗ ਨੇ ਜਲਦੀ ਤੋਂ ਜਲਦੀ ਆਵਾਜਾਈ ਬਹਾਲ ਕਰਨ ਲਈ ਮਲਬੇ ਨੂੰ ਹਟਾਉਣਾ ਸ਼ੁਰੂ ਕਰ ਦਿਤਾ ਹੈ।
ਚੰਬਾ ਜ਼ਿਲ੍ਹੇ ਦੇ ਭੱਟੀਆਤ ਵਿਧਾਨ ਸਭਾ ਹਲਕੇ ਦੇ ਮਾਮਲ ਅਤੇ ਕਮਲਾਰੀ ਪਿੰਡਾਂ ਵਿਚ ਪਾਣੀ ਅਤੇ ਮਲਬੇ ਨਾਲ ਘਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਖ਼ਬਰਾਂ ਹਨ। ਸੂਬੇ ਦੀ ਰਾਜਧਾਨੀ ਸ਼ਿਮਲਾ ’ਚ, ਧੁੰਦ ਪੈਣ ਕਾਰਨ ਦਿਸਣ ਹੱਦ ਲਗਭਗ ਕੁੱਝ ਮੀਟਰ ਤਕ ਰਹਿ ਗਈ, ਜਿਸ ਨਾਲ ਡਰਾਈਵਰ ਪ੍ਰੇਸ਼ਾਨ ਹੋਏ।
ਸਥਾਨਕ ਮੌਸਮ ਵਿਭਾਗ ਨੇ ਸਨਿਚਰਵਾਰ ਅਤੇ ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਪੀਲੀ ਚਿਤਾਵਨੀ ਜਾਰੀ ਕੀਤੀ ਹੈ।
ਸੂਬੇ ਦੇ ਕੁੱਝ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਹੈ, ਅਤੇ ਪਾਲਮਪੁਰ ਵਿਚ ਸ਼ੁਕਰਵਾਰ ਸ਼ਾਮ ਤੋਂ 86 ਮਿਲੀਮੀਟਰ ਮੀਂਹ ਪਿਆ, ਇਸ ਤੋਂ ਬਾਅਦ ਮੁਰਾਰੀ ਦੇਵੀ ਵਿਚ 69.2 ਮਿਲੀਮੀਟਰ, ਕਾਂਗੜਾ ਵਿਚ 58.2 ਮਿਲੀਮੀਟਰ, ਜੋਗਿੰਦਰਨਗਰ ਵਿਚ 45 ਮਿਲੀਮੀਟਰ, ਅਘਰ ਵਿਚ 16.8 ਮਿਲੀਮੀਟਰ, ਨੈਨਾ ਦੇਵੀ ਵਿਚ 16.6 ਮਿਲੀਮੀਟਰ, ਧਰਮਸ਼ਾਲਾ ਵਿਚ 14.8 ਮਿਲੀਮੀਟਰ ਅਤੇ ਮੰਡੀ ਵਿਚ 13.6 ਮਿਲੀਮੀਟਰ ਮੀਂਹ ਪਿਆ।
ਕੌਮੀ ਰਾਜਮਾਰਗ-3 ਦੇ ਅਟਾਰੀ-ਲੇਹ ਸੈਕਸ਼ਨ, ਐੱਨ.ਐੱਚ.-305 ਦੇ ਔਟ-ਸੈਂਜ ਸੈਕਸ਼ਨ ਅਤੇ ਐੱਨੲ.ਐੱਚ.-503ਏ ਦੇ ਅੰਮ੍ਰਿਤਸਰ-ਭੋਟਾ ਸੜਕ ਸਮੇਤ ਕੁਲ 577 ਸੜਕਾਂ ਨੂੰ ਸਨਿਚਰਵਾਰ ਸਵੇਰੇ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਸੀ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸ.ਈ.ਓ.ਸੀ.) ਅਨੁਸਾਰ, ਹਾਲ ਹੀ ਵਿਚ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਰਾਜ ਵਿਚ ਲਗਭਗ 389 ਪਾਵਰ ਟਰਾਂਸਫਾਰਮਰ ਅਤੇ 333 ਜਲ ਸਪਲਾਈ ਸਕੀਮਾਂ ਪ੍ਰਭਾਵਤ ਹੋਈਆਂ ਹਨ। ਸੂਬੇ ’ਚ 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਮੀਂਹ ਨਾਲ ਸਬੰਧਤ ਘਟਨਾਵਾਂ ਅਤੇ ਸੜਕ ਹਾਦਸਿਆਂ ’ਚ ਕੁਲ 386 ਲੋਕਾਂ ਦੀ ਮੌਤ ਹੋ ਚੁਕੀ ਹੈ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ ਸੂਬੇ ਨੂੰ 4,465 ਕਰੋੜ ਰੁਪਏ ਦਾ ਘਾਟਾ ਪਿਆ ਹੈ।