PM Modi ਨੇ ਪਹਿਲੀ Mizoram-Delhi ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
ਕਿਹਾ, ਮਿਜ਼ੋਰਮ ਅੱਜ ਫ਼ਰੰਟਲਾਈਨ ਨਾਲ ਜੁੜਿਆ, 2510 ਕਿਲੋਮੀਟਰ ਤੈਅ ਕਰੇਗੀ ਸਫ਼ਰ
PM Modi Flags off First Mizoram-Delhi Train Latest News in Punjabi ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਦਿਨਾਂ ਦੇ ਉੱਤਰ-ਪੂਰਬ ਦੌਰੇ ’ਤੇ ਹਨ। ਉਨ੍ਹਾਂ ਨੇ ਅੱਜ ਸਵੇਰੇ ਆਈਜ਼ੌਲ ਦੇ ਲੇਂਗਪੁਈ ਹਵਾਈ ਅੱਡੇ ਤੋਂ ਬੈਰਾਬੀ-ਸਾਇਰੰਗ ਰੇਲਵੇ ਲਾਈਨ ਸਮੇਤ 9 ਹਜ਼ਾਰ ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ।
ਉਨ੍ਹਾਂ ਨੇ ਤਿੰਨ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ- ਆਈਜ਼ੌਲ ਦੇ ਸਾਇਰੰਗ ਤੋਂ ਦਿੱਲੀ (ਆਨੰਦ ਵਿਹਾਰ ਰਾਜਧਾਨੀ ਐਕਸਪ੍ਰੈੱਸ), ਸਾਇਰੰਗ ਤੋਂ ਗੁਹਾਟੀ ਅਤੇ ਸਾਇਰੰਗ ਤੋਂ ਕੋਲਕਾਤਾ। ਪਹਿਲੀ ਵਾਰ, ਦੇਸ਼ ਦੇ ਇਨ੍ਹਾਂ ਤਿੰਨ ਹਿੱਸਿਆਂ ਤੋਂ ਮਿਜ਼ੋਰਮ ਨਾਲ ਰੇਲ ਸੰਪਰਕ ਬਣਾਇਆ ਗਿਆ ਹੈ।
ਅਪਣੇ ਸੰਬੋਧਨ ਵਿਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਬੇ ਸਮੇਂ ਤੋਂ, ਸਾਡੇ ਦੇਸ਼ ਦੀਆਂ ਕੁੱਝ ਰਾਜਨੀਤਕ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਹਨ। ਜਿਨ੍ਹਾਂ ਨੇ ਮਿਜ਼ੋਰਮ ਨੂੰ ਨਜ਼ਰਅੰਦਾਜ਼ ਕੀਤਾ ਪਰ ਅੱਜ ਮਿਜ਼ੋਰਮ ਫ਼ਰੰਟਲਾਈਨ ਵਿੱਚ ਹੈ।
ਉਨ੍ਹਾਂ ਕਿਹਾ ਕਿ ਮਿਜ਼ੋਰਮ ਦੀ ਸਾਡੀ ਨੀਤੀ ਅਤੇ ਆਰਥਿਕ ਗਲਿਆਰੇ ਵਿਚ ਵੱਡੀ ਭੂਮਿਕਾ ਹੈ। ਮਿਜ਼ੋਰਮ ਦੇ ਲੋਕਾਂ ਨੇ ਹਮੇਸ਼ਾ ਯੋਗਦਾਨ ਪਾਇਆ ਹੈ, ਹਮੇਸ਼ਾ ਪ੍ਰੇਰਿਤ ਕੀਤਾ ਹੈ। ਅੱਜ ਮਿਜ਼ੋਰਮ ਦੇਸ਼ ਦੀ ਵਿਕਾਸ ਯਾਤਰਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਆਈਜ਼ੌਲ ਵੀ ਦੇਸ਼ ਦੇ ਰੇਲਵੇ ਨਕਸ਼ੇ 'ਤੇ ਹੋਵੇਗਾ। ਮੈਨੂੰ ਰੇਲਵੇ ਲਾਈਨ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸ ਰੇਲਵੇ ਲਾਈਨ ਦਾ ਸੁਪਨਾ ਕਈ ਚੁਣੌਤੀਆਂ ਨੂੰ ਪਾਰ ਕਰਨ ਤੋਂ ਬਾਅਦ ਸਾਕਾਰ ਹੋਇਆ ਹੈ। ਸਾਡੇ ਇੰਜੀਨੀਅਰਾਂ ਦੀ ਯੋਗਤਾ ਨੇ ਇਸ ਨੂੰ ਹਕੀਕਤ ਬਣਾਇਆ।
ਦੱਸ ਦਈਏ ਕਿ ਸੈਰੰਗ ਤੋਂ ਦਿੱਲੀ ਰੇਲਗੱਡੀ ਨਾਲ ਇਹ ਰਾਜ ਹੁਣ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਸਿੱਧਾ ਜੁੜ ਗਿਆ ਹੈ। ਇਹ ਰੇਲਗੱਡੀ ਹਫ਼ਤੇ ਵਿਚ ਇਕ ਵਾਰ ਚੱਲੇਗੀ ਅਤੇ 2510 ਕਿਲੋਮੀਟਰ ਦੀ ਯਾਤਰਾ 45 ਘੰਟੇ 30 ਮਿੰਟ ਵਿਚ ਪੂਰੀ ਕਰੇਗੀ। ਔਸਤ ਗਤੀ 57.81 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਸੈਰੰਗ-ਕੋਲਕਾਤਾ ਰੇਲਗੱਡੀ ਹਫ਼ਤੇ ਵਿਚ 3 ਦਿਨ ਚੱਲੇਗੀ। ਕੋਲਕਾਤਾ ਅਤੇ ਸੈਰੰਗ ਵਿਚਕਾਰ 1530 ਕਿਲੋਮੀਟਰ ਦੀ ਦੂਰੀ 31.15 ਘੰਟਿਆਂ ਵਿਚ ਪੂਰੀ ਕੀਤੀ ਜਾਵੇਗੀ। ਇਹ ਰੇਲਗੱਡੀ ਹਫ਼ਤੇ ਦੇ ਸਨਿਚਰਵਾਰ, ਮੰਗਲਵਾਰ ਤੇ ਬੁਧਵਾਰ ਨੂੰ ਚੱਲੇਗੀ। ਇਸ ਰੇਲਗੱਡੀ ਦੀ ਔਸਤ ਗਤੀ 48.96 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਸੈਰੰਗ-ਗੁਹਾਟੀ ਰੇਲਗੱਡੀ ਦੁਪਹਿਰ 12:30 ਵਜੇ ਸੈਰੰਗ ਤੋਂ ਰਵਾਨਾ ਹੋਵੇਗੀ। ਇਹ ਰਾਤ 2:30 ਵਜੇ ਗੁਹਾਟੀ ਪਹੁੰਚੇਗੀ। ਇਸ ਦੇ ਨਾਲ, ਇਕ ਮਾਲ ਗੱਡੀ ਵੀ ਸੈਰੰਗ ਤੋਂ ਰਵਾਨਾ ਹੋਵੇਗੀ।
(For more news apart from PM Modi Flags off First Mizoram-Delhi Train Latest News in Punjabi stay tuned to Rozana Spokesman.)