1984 ਸਿੱਖ ਨਸਲਕੁਸ਼ੀ: ਕਾਨਪੁਰ 'ਚ 2 ਪਰਿਵਾਰਾਂ ਦਾ ਘਾਣ ਕਰਨ ਵਾਲੇ 3 ਦੋਸ਼ੀ ਕਾਬੂ, BJP ਆਗੂ ਨੇ ਕੀਤੀ ਸੀ ਬਚਾਉਣ ਦੀ ਕੋਸ਼ਿਸ਼
ਤਿੰਨਾਂ ਨੇ ਲੁੱਟਣ ਤੋਂ ਬਾਅਦ ਜਿਉਂਦੇ ਸਾੜ ਦਿੱਤੇ ਸੀ ਸਿੱਖ ਪਰਿਵਾਰ
ਨਵੀਂ ਦਿੱਲੀ - ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੇਸ਼ ਸਮੇਤ ਸਾਰੀ ਦੁਨੀਆ ਨੂੰ ਝੰਜੋੜ ਕੇ ਰੱਖ ਦੇਣ ਵਾਲੀ 1984 ਦੀ ਸਿੱਖ ਨਸਲਕੁਸ਼ੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਕਾਨਪੁਰ ਦੇ ਗੋਵਿੰਦ ਨਗਰ ਇਲਾਕੇ ਵਿੱਚ ਛੇ ਸਿੱਖਾਂ ਦੇ ਕਤਲ ਦੇ ਦੋਸ਼ ਵਿੱਚ ਤਿੰਨ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਮਲ ਕਿਸ਼ੋਰ ਮਿਸ਼ਰਾ, ਰਾਜ ਕਿਸ਼ੋਰ ਮਿਸ਼ਰਾ ਅਤੇ ਗੋਵਿੰਦ ਤਿਵਾਰੀ ਵਜੋਂ ਹੋਈ ਹੈ।
ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ 'ਤੇ ਦੋ ਸਿੱਖ ਪਰਿਵਾਰਾਂ ਦੇ ਸਮੂਹਿਕ ਕਤਲ ਦੇ ਦੋਸ਼ ਹਨ। ਵਿਸ਼ੇਸ਼ ਜਾਂਚ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਕਥਿਤ ਤੌਰ 'ਤੇ ਪੀੜਤਾਂ ਨੂੰ ਲੁੱਟਣ ਤੋਂ ਬਾਅਦ ਜਿਉਂਦਿਆਂ ਸਾੜ ਦਿੱਤਾ। ਵਿਸ਼ੇਸ਼ ਜਾਂਚ ਟੀਮ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਜਾਣਕਾਰੀ ਦਿੱਤੀ ਕਿ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਤਿੰਨਾਂ ਦੋਸ਼ੀਆਂ ਦਾ ਬਚਾਅ ਕਰਨ ਲਈ ਇੱਕ ਪੱਤਰ ਲਿਖਿਆ ਸੀ, ਪਰ ਸਿੱਖ ਕਤਲੇਆਮ 'ਚ ਉਨ੍ਹਾਂ ਦੀ ਜੁਰਮ 'ਚ ਸ਼ਮੂਲੀਅਤ ਸਾਬਤ ਕਰਨ ਲਈ ਲੋੜੀਂਦੇ ਸਬੂਤ ਮਿਲਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਸਿੱਖ ਨਸਲਕੁਸ਼ੀ ਮਾਮਲੇ ਵਿੱਚ ਜਾਂਚ ਟੀਮ ਨੇ ਹੁਣ ਤੱਕ 40 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਹਫ਼ਤਾ ਪਹਿਲਾਂ ਗੋਂਡਾ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਸ਼ਾਸਤਰੀ ਦੇ ਦੋ ਕਤਲਾਂ ਵਿੱਚ ਸ਼ਾਮਲ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋ ਕਤਲਾਂ 'ਚ ਪੰਜ ਵਿਅਕਤੀਆਂ ਦੇ ਮਾਰੇ ਜਾਣ ਬਾਰੇ ਪਤਾ ਲੱਗਿਆ ਸੀ।
31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਅਤੇ ਉਸ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਸ਼ੁਰੂ ਹੋਈ ਸਿੱਖ ਨਸਲਕੁਸ਼ੀ ਵਿੱਚ ਦਰਿੰਦਿਆਂ ਦੇ ਗੁੱਟਾਂ ਨੇ ਹਜ਼ਾਰਾਂ ਸਿੱਖਾਂ ਨੂੰ ਬੇਮੌਤੇ ਮਾਰ ਮੁਕਾਇਆ ਸੀ। ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਫਰਵਰੀ 2019 'ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਇਸ ਜਾਂਚ ਟੀਮ ਦੀ ਅਗਵਾਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਅਤੇ ਜਾਂਚ ਅਧਿਕਾਰੀ ਇੰਚਾਰਜ ਡੀ.ਆਈ.ਜੀ. ਬਲੇਂਦੂ ਭੂਸ਼ਣ ਕਰ ਰਹੇ ਹਨ।