ਸਪਾਈਸ ਜੈੱਟ ਦੀ ਫਲਾਈਟ 'ਚ ਆਈ ਤਕਨੀਕੀ ਖਰਾਬੀ, ਹੈਦਰਾਬਾਦ ਏਅਰਪੋਰਟ 'ਤੇ ਕੀਤੀ ਐਮਰਜੈਂਸੀ ਲੈਂਡਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਟਨਾ ਰਾਤ ਕਰੀਬ 11 ਵਜੇ ਵਾਪਰੀ

photo

 

ਨਵੀਂ ਦਿੱਲੀ : ਗੋਆ ਤੋਂ ਆ ਰਹੇ ਸਪਾਈਸਜੈੱਟ ਦੇ ਜਹਾਜ਼ ਨੇ ਬੁੱਧਵਾਰ ਰਾਤ ਨੂੰ ਹੈਦਰਾਬਾਦ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਡੀਜੀਸੀਏ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਕੈਬਿਨ 'ਚ ਧੂੰਆਂ ਦੇਖਣ ਤੋਂ ਬਾਅਦ ਬੁੱਧਵਾਰ ਦੇਰ ਰਾਤ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

ਡੀਜੀਸੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਜਹਾਜ਼ ਦੇ ਯਾਤਰੀਆਂ ਨੂੰ ਐਮਰਜੈਂਸੀ ਐਗਜ਼ਿਟ ਗੇਟ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਇਕ ਯਾਤਰੀ ਦੀ ਲੱਤ 'ਤੇ ਮਾਮੂਲੀ ਸੱਟ ਲੱਗ ਗਈ। ਹੈਦਰਾਬਾਦ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ Q400 ਜਹਾਜ਼ VT-SQB ਵਿੱਚ 80 ਯਾਤਰੀ ਸਵਾਰ ਸਨ। ਇਹ ਘਟਨਾ ਰਾਤ ਕਰੀਬ 11 ਵਜੇ ਵਾਪਰੀ।

ਸਪਾਈਸਜੈੱਟ ਦੀ ਫਲਾਈਟ ਨੇ ਗੋਆ ਤੋਂ ਰਾਤ 9.55 'ਤੇ ਉਡਾਣ ਭਰੀ ਅਤੇ ਰਾਤ 11.30 ਵਜੇ ਹੈਦਰਾਬਾਦ 'ਚ ਲੈਂਡਿੰਗ ਤੋਂ ਠੀਕ ਪਹਿਲਾਂ ਪਾਇਲਟ ਨੇ ਕਾਕਪਿਟ 'ਚ ਧੂੰਆਂ ਦੇਖਿਆ। ਇਸ ਘਟਨਾ ਕਾਰਨ ਯਾਤਰੀਆਂ 'ਚ ਦਹਿਸ਼ਤ ਫੈਲ ਗਈ ਅਤੇ ਧੂੰਏਂ ਕਾਰਨ ਇਕ ਮਹਿਲਾ ਯਾਤਰੀ ਬੀਮਾਰ ਹੋ ਗਈ। ਐਮਰਜੈਂਸੀ ਲੈਂਡਿੰਗ ਕਾਰਨ ਨੌਂ ਉਡਾਣਾਂ ਨੂੰ ਦੂਜੇ ਸ਼ਹਿਰਾਂ ਵੱਲ ਮੋੜਨਾ ਪਿਆ।

ਇਨ੍ਹਾਂ ਵਿੱਚੋਂ ਛੇ ਘਰੇਲੂ ਉਡਾਣਾਂ, ਦੋ ਅੰਤਰਰਾਸ਼ਟਰੀ ਉਡਾਣਾਂ ਅਤੇ ਇੱਕ ਕਾਰਗੋ ਉਡਾਣ ਨੂੰ ਡਾਇਵਰਟ ਕੀਤਾ ਗਿਆ ਸੀ। ਸਪਾਈਸਜੈੱਟ ਏਅਰਲਾਈਨ ਹਾਲ ਹੀ ਦੇ ਸਮੇਂ ਵਿੱਚ ਸੰਚਾਲਨ ਮੁਸ਼ਕਲਾਂ ਅਤੇ ਵਿੱਤੀ ਰੁਕਾਵਟਾਂ ਦਾ ਸਾਹਮਣਾ ਕਰ ਰਹੀ ਹੈ। ਇਹ ਪਹਿਲਾਂ ਹੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੀ ਨਿਗਰਾਨੀ ਹੇਠ ਹੈ। ਰੈਗੂਲੇਟਰ ਨੇ ਏਅਰਲਾਈਨ ਨੂੰ 29 ਅਕਤੂਬਰ ਤੱਕ ਆਪਣੀਆਂ ਕੁੱਲ ਉਡਾਣਾਂ ਦਾ ਸਿਰਫ਼ 50 ਫੀਸਦੀ ਹੀ ਚਲਾਉਣ ਦਾ ਨਿਰਦੇਸ਼ ਦਿੱਤਾ ਸੀ।