ਸ਼ਰਾਬ ਦੇ ਨਸ਼ੇ ’ਚ ਗ਼ਲਤ ਗੱਡੀ ਚੜ੍ਹ ਗਿਆ ਸੇਵਾਮੁਕਤ ਫ਼ੌਜੀ, ਚਲਾਈ ਗੋਲੀ, ਗ੍ਰਿਫ਼ਤਾਰ
ਗੁਰਦਾਸਪੁਰ ਵਾਸੀ ਹਰਵਿੰਦਰ ਸਿੰਘ ਦਾ ਸੀਟ ਨੂੰ ਲੈ ਕੇ ਹੋਇਆ ਸੀ ਝਗੜਾ
ਧਨਬਾਦ (ਝਾਰਖੰਡ): ਝਾਰਖੰਡ ਦੇ ਧਨਬਾਦ ਵਿਚ ਸਿਆਲਦਾਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਵਿਚ ਕੋਚ ਅਟੈਂਡੈਂਟ ਨਾਲ ਸੀਟ ਨੂੰ ਲੈ ਕੇ ਹੋਏ ਝਗੜੇ ਦੌਰਾਨ 41 ਸਾਲਾਂ ਦੇ ਪੰਜਾਬੀ ਮੁਸਾਫ਼ਰ ਨੇ ਅਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਚਲਾ ਦਿਤੀ।
ਰੇਲਵੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦਸਿਆ ਕਿ ਪੂਰਬੀ ਮੱਧ ਰੇਲਵੇ (ਈ.ਸੀ.ਆਰ.) ਦੇ ਧਨਬਾਦ ਡਿਵੀਜ਼ਨ ਦੇ ਅਧੀਨ ਧਨਬਾਦ ਅਤੇ ਗੋਮੋ ਸਟੇਸ਼ਨਾਂ ਵਿਚਕਾਰ ਕੋਚ ਨੰਬਰ ਬੀ-7 ’ਚ ਵੀਰਵਾਰ ਰਾਤ ਕਰੀਬ 10:45 ਵਜੇ ਵਾਪਰੀ ਘਟਨਾ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਅਧਿਕਾਰੀ ਨੇ ਦਸਿਆ ਕਿ ਮੁਲਜ਼ਮ ਸੇਵਾਮੁਕਤ ਫੌਜੀ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ (ਧਨਬਾਦ ਰੇਲਵੇ ਡਿਵੀਜ਼ਨ) ਅਮਰੇਸ਼ ਕੁਮਾਰ ਨੇ ਦਸਿਆ, ‘‘ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜਿਸ ਤੋਂ ਪੁੱਛ-ਪੜਤਾਲ ਜਾਰੀ ਹੈ। ਪਹਿਲੀ ਨਜ਼ਰੇ, ਅਜਿਹਾ ਲਗਦਾ ਹੈ ਕਿ ਜਦੋਂ ਉਸ ਨੇ ਗੋਲੀ ਚਲਾਈ ਤਾਂ ਉਹ ਸ਼ਰਾਬ ਦੇ ਨਸ਼ੇ ’ਚ ਸੀ।’’
ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ.) ਦੇ ਇਕ ਅਧਿਕਾਰੀ ਨੇ ਦਸਿਆ ਕਿ ਹਰਵਿੰਦਰ ਸਿੰਘ ਕੋਲ ਹਾਵੜਾ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੀ ਟਿਕਟ ਸੀ, ਪਰ ਉਹ ਵੀਰਵਾਰ ਸ਼ਾਮ ਨੂੰ ਧਨਬਾਦ ਰੇਲਵੇ ਸਟੇਸ਼ਨ ’ਤੇ ਗਲਤੀ ਨਾਲ ਸਿਆਲਦਾਹ-ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ’ਚ ਸਵਾਰ ਹੋ ਗਿਆ।
ਅਧਿਕਾਰੀ ਨੇ ਦਸਿਆ ਕਿ ਰੇਲ ਗੱਡੀ ’ਚ ਸਵਾਰ ਹੋਣ ਤੋਂ ਬਾਅਦ ਹਰਵਿੰਦਰ ਸਿੰਘ ਦੀ ਸੀਟ ਨੂੰ ਲੈ ਕੇ ਕੋਚ ਅਟੈਂਡੈਂਟ ਨਾਲ ਬਹਿਸ ਹੋਈ ਅਤੇ ਬਹਿਸ ਦੌਰਾਨ ਉਸ ਨੇ ਕਥਿਤ ਤੌਰ ’ਤੇ ਅਪਣੇ ਰਿਵਾਲਵਰ ਤੋਂ ਗੋਲੀ ਚਲਾ ਦਿਤੀ। ਉਨ੍ਹਾਂ ਦਸਿਆ ਕਿ ਆਰ.ਪੀ.ਐਫ. ਦੇ ਜਵਾਨਾਂ ਨੇ ਤੁਰਤ ਰਿਵਾਲਵਰ ਜ਼ਬਤ ਕਰ ਲਿਆ ਅਤੇ ਉਸ ਨੂੰ ਕੋਡਰਮਾ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਹਰਵਿੰਦਰ ਸਿੰਘ ਇਕ ਸੇਵਾਮੁਕਤ ਫੌਜੀ ਹੈ ਜੋ ਭਾਰਤ ਕੋਕਿੰਗ ਕੋਲ ਲਿਮਿਟੇਡ ’ਚ ਲੱਗੀ ਇਕ ਆਊਟਸੋਰਸਿੰਗ ਕੰਪਨੀ ’ਚ ਸਿਕਿਉਰਟੀ ਗਾਰਡ ਵਜੋਂ ਕੰਮ ਕਰਦਾ ਹੈ। ਹਰਵਿੰਦਰ ਸਿੰਘ ਨੇ ਪੁੱਛ-ਪੜਤਾਲ ਦੌਰਾਨ ਦਸਿਆ ਕਿ ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂਵਾਲਾ ਦਾ ਰਹਿਣ ਵਾਲਾ ਹੈ।