Global Hunger Index: ‘ਭਾਰਤ ’ਚ ਭੁੱਖਮਰੀ ਦੇ ਗੰਭੀਰ ਹਾਲਾਤ’ ਆਲਮੀ ਭੁੱਖ ਸੂਚਕ ਅੰਕ 2024 ’ਚ 127 ਦੇਸ਼ਾਂ ’ਚੋਂ ਭਾਰਤ 105ਵੇਂ ਸਥਾਨ ’ਤੇ
Global Hunger Index: ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਵਿੱਚ ਹੋਇਆ ਖ਼ੁਲਾਸਾ
Global Hunger Index: ਭਾਰਤ ਨੂੰ ਆਲਮੀ ਭੁੱਖ ਸੂਚਕ ਅੰਕ (ਜੀ.ਐਚ.ਆਈ.) ਦੇ 127 ਦੇਸ਼ਾਂ ਦੀ ਸੂਚੀ ਵਿਚ 105ਵੇਂ ਸਥਾਨ ਨਾਲ ‘ਗੰਭੀਰ’ ਸ਼੍ਰੇਣੀ ਵਿਚ ਰਖਿਆ ਗਿਆ ਹੈ। ਅੰਤਰਰਾਸ਼ਟਰੀ ਮਨੁੱਖਤਾਵਾਦੀ ਏਜੰਸੀਆਂ ਭੁੱਖ ਦੇ ਪੱਧਰ ਨੂੰ ਮਾਪਣ ਲਈ ਕੁਪੋਸ਼ਣ ਅਤੇ ਬਾਲ ਮੌਤ ਦਰ ਸੂਚਕਾਂ ਦੇ ਆਧਾਰ ’ਤੇ ਜੀ.ਐਚ.ਆਈ. (ਗਲੋਬਲ ਹੰਗਰ ਇੰਡੈਕਸ) ਸਕੋਰ ਪ੍ਰਦਾਨ ਕਰਦੀਆਂ ਹਨ ਜਿਸ ਦੇ ਆਧਾਰ ’ਤੇ ਸੂਚੀ ਤਿਆਰ ਕੀਤੀ ਜਾਂਦੀ ਹੈ।
ਆਇਰਿਸ਼ ਮਨੁੱਖਤਾਵਾਦੀ ਸੰਗਠਨ ਕਨਸਰਨ ਵਰਲਡ ਵਾਈਡ ਅਤੇ ਜਰਮਨ ਸਹਾਇਤਾ ਏਜੰਸੀ ‘ਵੈਲਥ ਹੰਗਰ ਹਿਲਫ਼’ ਦੁਆਰਾ ਇਸ ਹਫ਼ਤੇ ਪ੍ਰਕਾਸ਼ਤ ਕੀਤੀ ਗਈ ਸਾਲ 2024 ਦੀ ਰਿਪੋਰਟ, ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਭੁੱਖ ਨਾਲ ਨਜਿੱਠਣ ਵਿਚ ਪ੍ਰਗਤੀ ਦੀ ਘਾਟ ਨੇ ਦੁਨੀਆਂ ਦੇ ਬਹੁਤ ਸਾਰੇ ਗ਼ਰੀਬ ਦੇਸ਼ਾਂ ਵਿਚ ਭੁੱਖਮਰੀ ਦਾ ਪੱਧਰ ਦਹਾਕਿਆਂ ਤਕ ਉੱਚਾ ਰਹੇਗਾ।
ਭਾਰਤ ਉਨ੍ਹਾਂ 42 ਦੇਸ਼ਾਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਨਾਲ ਗੰਭੀਰ ਸ਼੍ਰੇਣੀ ਵਿਚ ਰਖਿਆ ਗਿਆ ਹੈ ਜਦੋਂ ਕਿ ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ਵਰਗੇ ਦੱਖਣੀ ਏਸ਼ੀਆਈ ਗੁਆਂਢੀ ਦੇਸ਼ ਬਿਹਤਰ ਗਲੋਬਲ ਇੰਡੈਕਸ ਸਕੋਰ ਨਾਲ ਮੱਧ ਸ਼੍ਰੇਣੀ ਵਿਚ ਹਨ। ਇੰਡੈਕਸ ਐਂਟਰੀ ਵਿਚ ਕਿਹਾ ਗਿਆ ਹੈ ਕਿ 2024 ਦੇ ਗਲੋਬਲ ਹੰਗਰ ਇੰਡੈਕਸ ਵਿਚ 27.3 ਦੇ ਸਕੋਰ ਨਾਲ ਭਾਰਤ ਵਿਚ ਭੁੱਖਮਰੀ ਦਾ ਪੱਧਰ ਗੰਭੀਰ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦਾ ਜੀ.ਐਚ.ਆਈ. ਸਕੋਰ ਚਾਰ ਕੰਪੋਨੈਂਟ ਸੂਚਕਾਂ ਦੇ ਮੁੱਲਾਂ ’ਤੇ ਅਧਾਰਤ ਹੈ: ‘‘ਆਬਾਦੀ ਦਾ 13.7 ਪ੍ਰਤੀਸ਼ਤ ਕੁਪੋਸ਼ਣ ਦਾ ਸ਼ਿਕਾਰ ਹੈ, ਪੰਜ ਸਾਲ ਤੋਂ ਘੱਟ ਉਮਰ ਦੇ 35.5 ਪ੍ਰਤੀਸ਼ਤ ਬੱਚੇ ਅਵਿਕਸਿਤ ਹਨ, ਜਿਨ੍ਹਾਂ ਵਿਚੋਂ 18.7 ਪ੍ਰਤੀਸ਼ਤ ਕਮਜ਼ੋਰ ਹਨ ਅਤੇ 2.9 ਪ੍ਰਤੀਸ਼ਤ ਬੱਚੇ ਪੈਦਾਇਸ਼ ਦੇ ਪੰਜ ਸਾਲ ਦੇ ਅੰਦਰ ਮਰ ਜਾਂਦੇ ਹਨ।
ਰਿਪੋਰਟ ’ਚ ਵਿਸ਼ਲੇਸ਼ਣ ਦੇ ਆਧਾਰ ’ਤੇ ਕਿਹਾ ਗਿਆ ਹੈ ਕਿ 2030 ਤਕ ਭੁੱਖਮਰੀ ਮੁਕਤ ਦੁਨੀਆਂ ਬਣਾਉਣ ਦੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ ਨੂੰ ਹਾਸਲ ਕਰਨ ਦੀ ਸੰਭਾਵਨਾ ਬਹੁਤ ਘੱਟ ਹੈ।
ਰਿਪੋਰਟ ਅਨੁਸਾਰ, ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਢੁਕਵੇਂ ਭੋਜਨ ਦੇ ਅਧਿਕਾਰ ਦੀ ਮਹੱਤਤਾ ’ਤੇ ਵਾਰ-ਵਾਰ ਜ਼ੋਰ ਦੇਣ ਦੇ ਬਾਵਜੂਦ, ਸਥਾਪਤ ਮਾਪਦੰਡਾਂ ਅਤੇ ਇਸ ਹਕੀਕਤ ਵਿਚਕਾਰ ਚਿੰਤਾਜਨਕ ਅਸਮਾਨਤਾ ਬਣੀ ਹੋਈ ਹੈ। ਦੁਨੀਆਂ ਦੇ ਕਈ ਹਿੱਸਿਆਂ ਵਿਚ ਭੋਜਨ ਦੇ ਅਧਿਕਾਰ ਦੀ ਖੁਲ੍ਹੇਆਮ ਅਣਦੇਖੀ ਕੀਤੀ ਜਾ ਰਹੀ ਹੈ। ਵਿਸ਼ਵ ਪੱਧਰ ’ਤੇ, ਲਗਭਗ 73.3 ਕਰੋੜ ਲੋਕ ਹਰ ਦਿਨ ਢੁਕਵੀਂ ਮਾਤਰਾ ਵਿਚ ਭੋਜਨ ਦੀ ਘਾਟ ਕਾਰਨ ਭੁੱਖਮਰੀ ਦਾ ਸਾਹਮਣਾ ਕਰਦੇ ਹਨ, ਜਦੋਂ ਕਿ ਲਗਭਗ 2.8 ਅਰਬ ਲੋਕ ਇਕ ਸਿਹਤਮੰਦ ਖ਼ੁਰਾਕ ਦਾ ਖ਼ਰਚ ਨਹੀਂ ਚੁਕ ਸਕਦੇ।