ਬਾਬਾ ਸਿੱਦੀਕੀ ਦੇ ਦੋ ਕਾਤਲ ਪੰਜਾਬ ਤੇ ਹਰਿਆਣਾ ਦੇ ਨਿਕਲੇ, ਦੋ ਯੂਪੀ ਦੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਕੋਦਰ ਲਾਗਲੇ ਪਿੰਡ ਸ਼ਕਰ ਦਾ ਹੈ ਕਥਿਤ ਕਾਤਲ ਮੁਹੰਮਦ ਜ਼ੀਸ਼ਾਨ ਅਖ਼ਤਰ

Baba Siddiqui Shooters

ਮੁੰਬਈ/ਚੰਡੀਗੜ੍ਹ : ਮੁੰਬਈ ’ਚ ਐਨਸੀਪੀ (ਨੈਸ਼ਨਲਿਸਟ ਕਾਂਗਰਸ ਪਾਰਟੀ) ਨੇਤਾ ਤੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਕਤਲ ਕਾਂਡ ’ਚ ਸ਼ਾਮਲ ਚਾਰ ਕਾਤਲਾਂ ’ਚੋਂ ਇਕ ਪੰਜਾਬ ਦਾ ਨਿਕਲਿਆ ਹੈ, ਇਕ ਕਾਤਲ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਨਰੜ ਦਾ ਹੈ, ਜਦਕਿ ਦੋ ਸ਼ੂਟਰ ਉਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਧਰ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਨੇ ਲੈ ਲਈ ਹੈ ਜਿਸ ਤੋਂ ਬਾਅਦ ਬਾਲੀਵੁੱਡ ਦੇ ਸਟਾਰ ਅਦਾਕਾਰ ਸਲਮਾਨ ਖ਼ਾਨ ਦੀ ਸੁਰੱਖਿਆ ਵਿਚ ਵਾਧਾ ਕਰ ਦਿਤਾ ਗਿਆ ਹੈ। 

ਦਰਅਸਲ, ਸਤੰਬਰ 1998 ’ਚ ਸੂਰਜ ਬੜਜਾਤੀਆ ਦੀ ਫ਼ਿਲਮ ‘ਹਮ ਸਾਥ ਸਾਥ ਹੈਂ’ ਦੀ ਰਾਜਸਥਾਨ ਦੇ ਜੋਧਪੁਰ ’ਚ ਚਲ ਰਹੀ ਸ਼ੂਟਿੰਗ ਦੌਰਾਨ ਸਲਮਾਨ ਖ਼ਾਨ ਨੇ ਚਿੰਕਾਰਾ ਹਿਰਨ ਦਾ ਸ਼ਿਕਾਰ ਕੀਤਾ ਸੀ। ਬਿਸ਼ਨੋਈ ਭਾਈਚਾਰਾ ਇਸ ਹਿਰਨ ਦੀ ਪੂਜਾ ਕਰਦਾ ਹੈ ਜਿਸ ਕਰ ਕੇ ਤਦ ਤੋਂ ਹੀ ਲਾਰੈਂਸ ਬਿਸ਼ਨੋਈ ਗਰੋਹ ਸਲਮਾਨ ਖ਼ਾਨ ਦੀ ਜਾਨ ਦਾ ਪਿਆਸਾ ਬਣਿਆ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਸਿੱਦੀਕੀ ਦਾ ਇਕ ਕਥਿਤ 21 ਸਾਲਾ ਕਾਤਲ ਮੁਹੰਮਦ ਜ਼ੀਸ਼ਾਨ ਅਖ਼ਤਰ ਦਸਿਆ ਜਾ ਰਿਹਾ ਹੈ, ਜੋ ਜਲੰਧਰ ਜ਼ਿਲ੍ਹੇ ਦੇ ਨਕੋਦਰ ਲਾਗਲੇ ਪਿੰਡ ਸ਼ਕਰ ਦਾ ਰਹਿਣ ਵਾਲਾ ਹੈ। ਜਲੰਧਰ ਦਿਹਾਤੀ ਪੁਲਿਸ ਨੇ ਸਾਲ 2022 ਦੌਰਾਨ ਉਸ ਨੂੰ ਜਥੇਬੰਦਕ ਅਪਰਾਧ, ਕਤਲ ਤੇ ਡਕੈਤੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਤਦ ਵਿਦੇਸ਼ੀ ਨੰਬਰ ’ਤੇ ਉਸ ਦਾ ਵ੍ਹਟਸਐਪ ਚਲਦਾ ਫੜਿਆ ਗਿਆ ਸੀ। ਪੰਜਾਬ ਪੁਲਿਸ ਮੁਤਾਬਕ ਜ਼ੀਸ਼ਾਨ ਅਖ਼ਤਰ ਹੀ ਕਥਿਤ ਤੌਰ ’ਤੇ ਬਾਕੀ ਦੇ ਤਿੰਨ ਸ਼ੂਟਰਾਂ ਨੂੰ ਬਾਹਰੋਂ ਹਦਾਇਤਾਂ ਦੇ ਰਿਹਾ ਸੀ ਜਿਸ ਵੇਲੇ ਸਿੱਦੀਕੀ ਨੂੰ ਗੋਲੀਆਂ ਮਾਰੀਆਂ ਗਈਆਂ, ਉਸ ਵੇਲੇ ਵੀ ਉਨ੍ਹਾਂ ਦੀ ਲੋਕੇਸ਼ਨ ਬਾਰੇ ਅਖ਼ਤਰ ਹੀ ਸ਼ੂਟਰਾਂ ਨੂੰ ਸਾਰੀ ਜਾਣਕਾਰੀ ਦੇ ਰਿਹਾ ਸੀ। ਇਸ ਤੋਂ ਇਲਾਵਾ ਉਨ੍ਹਾਂ ਲਈ ਕਿਰਾਏ ਦੇ ਕਮਰੇ ਸਮੇਤ ਹੋਰ ਕਾਫ਼ੀ ਮਦਦ ਵੀ ਅਖ਼ਤਰ ਨੇ ਹੀ ਕੀਤੀ ਸੀ।

ਪੰਜਾਬ ਪੁਲਿਸ ਦੇ ਕੁੱਝ ਅਧਿਕਾਰੀਆਂ ਨੇ ਅਪਣੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦਸਿਆ ਕਿ ਜ਼ੀਸ਼ਾਨ ਅਖ਼ਤਰ ਪਟਿਆਲਾ ਜੇਲ ’ਚ ਬੰਦ ਸੀ। ਉਹ ਇਸੇ ਵਰ੍ਹੇ 7 ਜੂਨ ਨੂੰ ਜੇਲ ਤੋਂ ਬਾਹਰ ਆਇਆ ਸੀ। ਤਦ ਉਹ ਸਿਧਾ ਗੁਰਮੇਲ ਨੂੰ ਮਿਲਣ ਲਈ ਉਸ ਦੇ ਪਿੰਡ ਨਰੜ ਗਿਆ ਸੀ। ਉਥੋਂ ਅੱਗੇ ਕਿਸੇ ਨੇ ਉਨ੍ਹਾਂ ਨੂੰ ਬਾਬਾ ਸਿੱਦੀਕੀ ਦਾ ਕਤਲ ਕਰਨ ਦੀ ਹਦਾਇਤ ਕੀਤੀ ਸੀ ਤੇ ਫਿਰ ਉਹ ਮੁੰਬਈ ਰਵਾਨਾ ਹੋ ਗਏ ਸਨ। ਪਟਿਆਲਾ ਜੇਲ ’ਚ ਹੀ ਅਖ਼ਤਰ ਲਾਰੈਂਸ ਗੈਂਗ ਦੇ ਸੰਪਰਕ ਵਿਚ ਆਇਆ ਜਿਸ ਤੋਂ ਬਾਅਦ ਉਹ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਗੈਂਗ ’ਚ ਚਲਾ ਗਿਆ। ਇਥੇ ਵਰਨਣਯੋਗ ਹੈ ਕਿ ਬਾਬਾ ਸਿੱਦੀਕੀ ਦਾ ਕਤਲ ਤਿੰਨ ਸ਼ੂਟਰਾਂ ਨੇ ਕੀਤਾ ਸੀ। ਇਨ੍ਹਾਂ ’ਚ ਉਤਰ ਪ੍ਰਦੇਸ਼ ਦੇ ਦੋ ਸ਼ੂਟਰ ਧਰਮਰਾਜ ਤੇ ਸ਼ਿਵ ਕੁਮਾਰ ਸ਼ਾਮਲ ਹਨ। ਧਰਮਰਾਜ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦ ਕਿ ਸ਼ਿਵ ਕੁਮਾਰ ਹਾਲੇ ਫ਼ਰਾਰ ਹੈ।

ਮਹਾਰਾਸ਼ਟਰ : ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਨੇ ਐਨ.ਸੀ.ਪੀ. ਆਗੂ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ

ਮੁੰਬਈ : ਮੁੰਬਈ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਹ ਉਸ ਸੋਸ਼ਲ ਮੀਡੀਆ ਪੋਸਟ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ ਜਿਸ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ  ਕਥਿਤ ਮੈਂਬਰ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਆਗੂ ਬਾਬਾ ਸਿੱਦੀਕੀ (66) ਨੂੰ ਸਨਿਚਰਵਾਰ  ਰਾਤ ਮੁੰਬਈ ਦੇ ਬਾਂਦਰਾ ਇਲਾਕੇ ਦੇ ਖੇਰ ਨਗਰ ’ਚ ਉਨ੍ਹਾਂ ਦੇ ਵਿਧਾਇਕ-ਬੇਟੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ਦੇ ਬਾਹਰ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਦਿਤੀ। ਉਨ੍ਹਾਂ ਨੂੰ ਤੁਰਤ  ਲੀਲਾਵਤੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ। 

ਇਕ ਪੁਲਿਸ ਅਧਿਕਾਰੀ ਨੇ ਦਸਿਆ  ਕਿ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਕਥਿਤ ਮੈਂਬਰ ਦੇ ਨਾਂ ’ਤੇ  ਸੋਸ਼ਲ ਮੀਡੀਆ ’ਤੇ  ਵਾਇਰਲ ਹੋਈ ਪੋਸਟ ਬਾਰੇ ਪਤਾ ਲੱਗਾ ਹੈ, ਜਿਸ ’ਚ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਸੋਸ਼ਲ ਮੀਡੀਆ ’ਤੇ  ਵਾਇਰਲ ਪੋਸਟ ਦੇਖੀ ਹੈ, ਅਸੀਂ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੇ ਹਾਂ।’’ ਬਿਸ਼ਨੋਈ ਗੈਂਗ ਦੇ ਕੁੱਝ  ਮੈਂਬਰਾਂ ਨੂੰ ਇਸ ਸਾਲ ਅਪ੍ਰੈਲ ’ਚ ਮੁੰਬਈ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। 

ਮੁੰਬਈ ਦੇ ਪ੍ਰਮੁੱਖ ਮੁਸਲਿਮ ਨੇਤਾ ਸਿੱਦੀਕੀ ਨੂੰ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਸੰਜੇ ਦੱਤ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਦੇ ਕਰੀਬੀ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਮੁੰਬਈ ਪੁਲਿਸ ਨੇ ਬਾਬਾ ਸਿੱਦੀਕੀ ਦੇ ਕਤਲ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਸ਼ੁਰੂ ਕਰ ਦਿਤੀ  ਹੈ, ਜਿਸ ’ਚ ਸੁਪਾਰੀ ਲੈ ਕੇ ਕਤਲ, ਕਾਰੋਬਾਰੀ ਦੁਸ਼ਮਣੀ ਜਾਂ ਸੈਟਲਮੈਂਟ ਰੀਹੈਬਿਲਿਟੇਸ਼ਨ ਪ੍ਰਾਜੈਕਟ ਨੂੰ ਲੈ ਕੇ ਮਿਲੀਆਂ ਧਮਕੀਆਂ ਸ਼ਾਮਲ ਹਨ। 

ਇਕ ਪੁਲਿਸ ਅਧਿਕਾਰੀ ਨੇ ਦਸਿਆ  ਕਿ ਸ਼ੱਕ ਹੈ ਕਿ ਇਹ ਕਤਲ ਪਹਿਲਾਂ ਤੋਂ ਯੋਜਨਾਬੱਧ ਸਾਜ਼ਸ਼  ਦਾ ਹਿੱਸਾ ਸੀ।  ਸਿੱਦੀਕੀ ਦੀ ਲਾਸ਼ ਨੂੰ ਸਵੇਰੇ ਉਪਨਗਰ ਬਾਂਦਰਾ ਦੇ ਲੀਲਾਵਤੀ ਹਸਪਤਾਲ ਤੋਂ ਪੋਸਟਮਾਰਟਮ ਲਈ ਵਿਲੇ ਪਾਰਲੇ ਦੇ ਕੂਪਰ ਹਸਪਤਾਲ ਲਿਜਾਇਆ ਗਿਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਬਾਂਦਰਾ ਦੇ ਮਕਬਾ ਹਾਈਟਸ ਸਥਿਤ ਉਸ ਦੇ ਘਰ ਲਿਜਾਇਆ ਗਿਆ ਤਾਂ ਕਿ ਲੋਕ ਸ਼ਾਮ ਨੂੰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣ। ਇਕ ਅਧਿਕਾਰੀ ਨੇ ਦਸਿਆ  ਕਿ ਐਨ.ਸੀ.ਪੀ. ਆਗੂ ਦੀ ਮ੍ਰਿਤਕ ਦੇਹ ਨੂੰ ਐਤਵਾਰ ਰਾਤ 8:30 ਵਜੇ ਨਮਾਜ਼ ਤੋਂ ਬਾਅਦ ਮਰੀਨ ਲਾਈਨਜ਼ ਇਲਾਕੇ ਦੇ ਬੜਾ ਕਬਰਸਤਾਨ ’ਚ ਦਫਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਦੀਕੀ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿਤੀ  ਗਈ ਹੈ। 

ਸਿੱਦੀਕੀ ਬਾਂਦਰਾ ਪਛਮੀ  ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਸਨ, ਹਾਲਾਂਕਿ ਉਹ 2014 ਅਤੇ 2019 ’ਚ ਹਾਰ ਗਏ ਸਨ। ਮੁੰਬਈ ਦੇ ਪ੍ਰਮੁੱਖ ਮੁਸਲਿਮ ਨੇਤਾ ਸਿੱਦੀਕੀ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨਾਲ ਅਪਣੀ ਦੋਸਤੀ ਲਈ ਵੀ ਮਸ਼ਹੂਰ ਸਨ। ਉਹ ਹਾਲ ਹੀ ’ਚ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ ਸਨ।  

ਤਿੰਨ ਦਹਾਕਿਆਂ ਮਗਰੋਂ ਮੁੰਬਈ ’ਚ ਪਹਿਲਾ ਹਾਈ-ਪ੍ਰੋਫਾਈਲ ਕਤਲ 

ਮੁੰਬਈ : ਸਿੱਦੀਕੀ ਦਾ ਕਤਲ ਤਿੰਨ ਦਹਾਕਿਆਂ ’ਚ ਮੁੰਬਈ ’ਚ ਪਹਿਲਾ ਹਾਈ-ਪ੍ਰੋਫਾਈਲ ਕਤਲ ਹੈ ਜਿਸ ਨੇ ਪੂਰੇ ਸੂਬੇ ਨੂੰ ਹੈਰਾਨ ਕਰ ਦਿਤਾ ਹੈ। 90 ਦੇ ਦਹਾਕੇ ਦੇ ਸ਼ੁਰੂ ’ਚ, ਬਾਂਦਰਾ ਅਤੇ ਖੇਤਵਾੜੀ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕਾਂ ਰਾਮਦਾਸ ਨਾਇਕ ਅਤੇ ਪ੍ਰੇਮ ਕੁਮਾਰ ਸ਼ਰਮਾ ਦੀ ਕ੍ਰਮਵਾਰ ਗੋਲੀ ਮਾਰ ਕੇ ਹੱਤਿਆ ਕਰ ਦਿਤੀ  ਗਈ ਸੀ। ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਵਿਠਲ ਚਵਾਨ ਅਤੇ ਰਮੇਸ਼ ਮੋਰੇ ਦੀ ਵੀ 1990 ਦੇ ਦਹਾਕੇ ’ਚ ਮੁੰਬਈ ’ਚ ਗੋਲੀ ਮਾਰ ਕੇ ਹੱਤਿਆ ਕਰ ਦਿਤੀ  ਗਈ ਸੀ।

ਇਕ ਮੁਲਜ਼ਮ 21 ਅਕਤੂਬਰ ਤਕ  ਪੁਲਿਸ ਰਿਮਾਂਡ ’ਤੇ, ਦੂਜੇ ਨੂੰ ਉਮਰ ਦੀ ਜਾਂਚ ਲਈ ਭੇਜਿਆ, ਦੋ ਹੋਰ ਦੀ ਭਾਲ ਜਾਰੀ

ਮੁੰਬਈ : ਮੁੰਬਈ ਦੀ ਇਕ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਦੋ ਮੁਲਜ਼ਮਾਂ ’ਚੋਂ ਇਕ ਨੂੰ 21 ਅਕਤੂਬਰ ਤਕ  ਪੁਲਿਸ  ਹਿਰਾਸਤ ’ਚ ਭੇਜ ਦਿਤਾ ਹੈ। ਅਦਾਲਤ ਨੇ ਪੁਲਿਸ ਨੂੰ ਹੁਕਮ ਦਿਤਾ ਕਿ ਉਹ ਦੂਜੇ ਮੁਲਜ਼ਮ ਦੀ ਉਮਰ ਦਾ ਪਤਾ ਲਗਾਉਣ ਲਈ ਉਸ ਦੀ ਹੱਡੀ ਦਾ ਟੈਸਟ ਕਰੇ ਕਿਉਂਕਿ ਉਸ ਨੇ ਨਾਬਾਲਗ ਹੋਣ ਦਾ ਦਾਅਵਾ ਕੀਤਾ ਹੈ। 

ਹਰਿਆਣਾ ਦੇ ਰਹਿਣ ਵਾਲੇ ਗੁਰਮੇਲ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਧਰਮਰਾਜ ਕਸ਼ਯਪ ਦੀ ਹਿਰਾਸਤ ਦੀ ਮੰਗ ਕਰਦਿਆਂ ਪੁਲਿਸ ਨੇ ਅਦਾਲਤ ਨੂੰ ਦਸਿਆ  ਕਿ ਉਹ ਇਸ ਗੱਲ ਦੀ ਜਾਂਚ ਕਰਨਾ ਚਾਹੁੰਦੀ ਹੈ ਕਿ ਕੀ ਮਹਾਰਾਸ਼ਟਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਦੁਸ਼ਮਣੀ ਕਾਰਨ ਅਪਰਾਧ ਕੀਤਾ ਗਿਆ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਮੁਲਜ਼ਮਾਂ ਕੋਲੋਂ 28 ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਹੋਰ ਵੇਰਵੇ ਪ੍ਰਾਪਤ ਕਰਨ ਅਤੇ ਕਿਸੇ ਹੋਰ ਅਪਰਾਧ ਨੂੰ ਰੋਕਣ ਲਈ ਹਿਰਾਸਤ ’ਚ ਪੁੱਛ-ਪੜਤਾਲ  ਦੀ ਲੋੜ ਹੈ। 

ਪੁਲਿਸ ਨੇ ਦਸਿਆ  ਕਿ ਮਾਮਲੇ ’ਚ ਦੋ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਲਈ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਅਦਾਲਤ ਨੇ ਕਸ਼ਯਪ ਦੀ ਉਮਰ ਦਾ ਪਤਾ ਲਗਾਉਣ ਲਈ ਹੱਡੀਆਂ ਦੇ ਟੈਸਟ ਦਾ ਹੁਕਮ ਦਿੰਦੇ ਹੋਏ ਸਿੰਘ ਨੂੰ 21 ਅਕਤੂਬਰ ਤਕ  ਪੁਲਿਸ ਹਿਰਾਸਤ ’ਚ ਭੇਜ ਦਿਤਾ। ਅਦਾਲਤ ਨੇ ਪੁਲਿਸ ਨੂੰ ਜਾਂਚ ਤੋਂ ਬਾਅਦ ਦੂਜੇ ਮੁਲਜ਼ਮ ਨੂੰ ਦੁਬਾਰਾ ਪੇਸ਼ ਕਰਨ ਦੇ ਹੁਕਮ ਦਿਤੇ। ਇਸ ਤੋਂ ਬਾਅਦ ਅਦਾਲਤ ਫੈਸਲਾ ਕਰੇਗੀ ਕਿ ਉਸ ਦੇ ਵਿਰੁਧ  ਕਾਰਵਾਈ ਬੱਚਿਆਂ ਦੀ ਅਦਾਲਤ ’ਚ ਹੋਵੇਗੀ ਜਾਂ ਆਮ ਅਦਾਲਤ ’ਚ। 

ਸੁਣਵਾਈ ਦੀ ਸ਼ੁਰੂਆਤ ’ਚ ਕਸ਼ਯਪ ਨੇ ਅਦਾਲਤ ਨੂੰ ਦਸਿਆ  ਕਿ ਉਸ ਦੀ ਉਮਰ 17 ਸਾਲ ਹੈ ਅਤੇ ਇਸ ਲਈ ਉਹ ਨਾਬਾਲਗ ਹੈ। ਹਾਲਾਂਕਿ, ਪੁਲਿਸ ਨੇ ਅਦਾਲਤ ਨੂੰ ਦਸਿਆ  ਕਿ ਉਨ੍ਹਾਂ ਨੂੰ ਮਿਲੇ ਆਧਾਰ ਕਾਰਡ ਅਨੁਸਾਰ ਦੋਸ਼ੀ ਦੀ ਉਮਰ 21 ਸਾਲ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਸ਼ਯਪ ਦੀ ਉਮਰ ਦੀ ਪੁਸ਼ਟੀ ਕਰਨ ਲਈ ਕੋਈ ਹੋਰ ਦਸਤਾਵੇਜ਼ ਜ਼ਬਤ ਨਹੀਂ ਕੀਤੇ ਹਨ। ਇਸ ਤੋਂ ਬਾਅਦ ਅਦਾਲਤ ਨੇ ਕਾਰਵਾਈ ’ਤੇ  ਰੋਕ ਲਗਾ ਦਿਤੀ  ਅਤੇ ਸਰਕਾਰੀ ਵਕੀਲ ਨੂੰ ਆਧਾਰ ਕਾਰਡ ਪੇਸ਼ ਕਰਨ ਲਈ ਕਿਹਾ। ਪੁਲਿਸ ਨੇ ਅਪਣੇ  ਇਕ  ਅਧਿਕਾਰੀ ਦੇ ਮੋਬਾਈਲ ਫੋਨ ਤੋਂ ਲਏ ਗਏ ਆਧਾਰ ਕਾਰਡ ਦੀ ਫੋਟੋ ਪੇਸ਼ ਕੀਤੀ।    

ਬਾਬਾ ਸਿੱਦੀਕੀ ਦੇ ਕਤਲ ਮਗਰੋਂ ਪੂਰੇ ਦੇਸ਼ ’ਚ ਸਿਆਸਤ ਭਖੀ, ਵਿਰੋਧੀ ਧਿਰ ਨੇ ਕਤਲ ਨੂੰ ਸ਼ਰਮਨਾਕ ਅਤੇ ਹੈਰਾਨ ਕਰਨ ਵਾਲਾ ਦਸਿਆ

ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਅਸਤੀਫੇ ਦੀ ਮੰਗ ਕੀਤੀ

ਮੁੰਬਈ : ਮਹਾਰਾਸ਼ਟਰ ’ਚ ਵਿਰੋਧੀ ਪਾਰਟੀਆਂ ਨੇ ਐਤਵਾਰ ਨੂੰ ਕਿਹਾ ਕਿ ਸਾਬਕਾ ਮੰਤਰੀ ਬਾਬਾ ਸਿੱਦੀਕੀ ਦਾ ਕਤਲ ਸੂਬੇ ਲਈ ਹੈਰਾਨ ਕਰਨ ਵਾਲਾ ਅਤੇ ਸ਼ਰਮਨਾਕ ਹੈ। ਵਿਰੋਧੀ ਧਿਰ ਨੇ  ਦਾਅਵਾ ਕੀਤਾ ਕਿ ਮੁੰਬਈ ’ਚ ਅਰਾਜਕਤਾ ਫੈਲੀ ਹੋਈ ਹੈ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਮਹਾਰਾਸ਼ਟਰ ’ਚ ਕਾਨੂੰਨ ਵਿਵਸਥਾ ਦੀ ਸਥਿਤੀ ’ਤੇ  ਸਵਾਲ ਉਠਾ ਰਹੀ ਹੈ। ਰਾਜ ’ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣ ਦੀ ਉਮੀਦ ਹੈ।   

ਰਾਸ਼ਟਰਵਾਦੀ ਕਾਂਗਰਸ ਪਾਰਟੀ-ਸ਼ਰਦ ਚੰਦਰ ਪਵਾਰ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਜਯੰਤ ਪਾਟਿਲ ਨੇ ਪੁਛਿਆ  ਕਿ ਜਦੋਂ ਸੱਤਾਧਾਰੀ ਗਠਜੋੜ ਦਾ ਨੇਤਾ ਸੁਰੱਖਿਅਤ ਨਹੀਂ ਹੈ ਤਾਂ ਸਰਕਾਰ ਆਮ ਆਦਮੀ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੀ ਹੈ? ਪਾਟਿਲ ਨੇ ਇਕ ਬਿਆਨ ’ਚ ਕਿਹਾ ਕਿ ਸੂਬੇ ’ਚ ਇਸ ਤੋਂ ਪਹਿਲਾਂ ਭਾਜਪਾ ਦੇ ਇਕ ਵਿਧਾਇਕ ਨੇ ਪੁਲਿਸ  ਥਾਣੇ ’ਚ ਗੋਲੀਬਾਰੀ ਕੀਤੀ ਸੀ, ਜਦਕਿ  ਫੇਸਬੁੱਕ ਲਾਈਵ ਸੈਸ਼ਨ ਦੌਰਾਨ ਇਕ ਸਾਬਕਾ ਕਾਰਪੋਰੇਟਰ ਦੀ ਮੌਤ ਹੋ ਗਈ ਸੀ। 

ਕਾਂਗਰਸ ਨੇ ਸਿੱਦੀਕੀ ਦੀ ਹੱਤਿਆ ਨੂੰ ਲੈ ਕੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ  ਇਕ ਪੋਸਟ ਵਿਚ ਕਿਹਾ ਕਿ ਸਿੱਦੀਕੀ ਦਾ ਦੁਖਦਾਈ ਅੰਤ ਹੈਰਾਨ ਕਰਨ ਵਾਲਾ ਅਤੇ ਸ਼ਬਦਾਂ ਤੋਂ ਪਰੇ ਹੈ। ਉਨ੍ਹਾਂ ਕਿਹਾ, ‘‘ਦੁੱਖ ਦੀ ਇਸ ਘੜੀ ’ਚ ਮੈਂ ਉਨ੍ਹਾਂ ਦੇ ਪਰਵਾਰ , ਦੋਸਤਾਂ ਅਤੇ ਸਮਰਥਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਉਸ ਦੇ ਪਰਵਾਰ  ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਮੌਜੂਦਾ ਮਹਾਰਾਸ਼ਟਰ ਸਰਕਾਰ ਨੂੰ ਇਸ ਘਟਨਾ ਦੀ ਪੂਰੀ ਅਤੇ ਪਾਰਦਰਸ਼ੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਮਿਲਣੀ ਚਾਹੀਦੀ ਹੈ। ਜਵਾਬਦੇਹੀ ਸੱਭ ਤੋਂ ਮਹੱਤਵਪੂਰਨ ਹੈ।’’

ਆਲ ਇੰਡੀਆ ਕਾਂਗਰਸ ਕਮੇਟੀ ਮਹਾਰਾਸ਼ਟਰ ਦੇ ਇੰਚਾਰਜ ਰਮੇਸ਼ ਚੇਨੀਥਲਾ ਨੇ ਦਾਅਵਾ ਕੀਤਾ ਕਿ ਸਿੱਦੀਕੀ ਦੀ ਹੱਤਿਆ ਦਰਸਾਉਂਦੀ ਹੈ ਕਿ ਮੁੰਬਈ ’ਚ ਪੂਰੀ ਤਰ੍ਹਾਂ ਅਰਾਜਕਤਾ ਫੈਲੀ ਹੋਈ ਹੈ। ‘ਐਕਸ’ ’ਤੇ  ਇਕ ਪੋਸਟ ਵਿਚ ਉਨ੍ਹਾਂ ਨੇ ਕਿਹਾ, ‘‘ਕਾਨੂੰਨ ਦਾ ਰਾਜ ਖਤਮ ਹੋ ਗਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰਤ  ਅਸਤੀਫਾ ਦੇ ਦੇਣਾ ਚਾਹੀਦਾ ਹੈ।’’

ਮਹਾਰਾਸ਼ਟਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਕਿਹਾ ਕਿ ਕਤਲ ਨੇ ਸਾਬਤ ਕਰ ਦਿਤਾ ਹੈ ਕਿ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ ਹੈ। ਵਡੇਟੀਵਾਰ ਨੇ ਕਿਹਾ ਕਿ ਸਿੱਦੀਕੀ ਨੂੰ ‘ਵਾਈ‘ ਸ਼੍ਰੇਣੀ ਦੀ ਸੁਰੱਖਿਆ ਦਿਤੀ  ਗਈ ਸੀ ਜੋ ਉਸ ਦੀ ਰੱਖਿਆ ਕਰਨ ’ਚ ਅਸਫਲ ਰਹੀ। ਉਸ ਨੇ  ਸਾਬਕਾ ਕਾਰਪੋਰੇਟਰ ਅਭਿਸ਼ੇਕ ਘੋਸਲਕਰ ਦੇ ਕਤਲ ਦਾ ਵੀ ਜ਼ਿਕਰ ਕੀਤਾ। ਇਸ ਸਾਲ ਦੀ ਸ਼ੁਰੂਆਤ ’ਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ  ਗਈ ਸੀ। 

ਸ਼ਿਵ ਸੈਨਾ (ਯੂ.ਬੀ.ਟੀ.) ਆਗੂ ਸੰਜੇ ਰਾਉਤ ਨੇ ਉਪ ਮੁੱਖ ਮੰਤਰੀ ਅਤੇ ਰਾਜ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਦੇ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇ ਦੇਵੇਂਦਰ ਫੜਨਵੀਸ ਅਸਤੀਫਾ ਨਹੀਂ ਦਿੰਦੇ ਤਾਂ ਰਾਜਪਾਲ ਨੂੰ ਉਨ੍ਹਾਂ ਦਾ ਅਸਤੀਫਾ ਮੰਗਣਾ ਚਾਹੀਦਾ ਹੈ।’’ ਰਾਊਤ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ  ਪੁਲਿਸ ਦੇ ਕੰਮਕਾਜ ’ਚ ਦਖਲ ਅੰਦਾਜ਼ੀ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਫੜਨਵੀਸ ਕੁੱਝ  ਨਹੀਂ ਕਰ ਸਕੇ।