ਕਰਤਾਰਪੁਰ ਸਾਹਿਬ ਜਾਣ ਵਾਲੇ ਛਤੀਸਗੜ੍ਹ ਦੇ ਸ਼ਰਧਾਲੂਆਂ ਲਈ ਬਘੇਲ ਸਰਕਾਰ ਦਾ ਵੱਡਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਟੇਕਿਆ ਮੱਥਾ

Gurdwara Sri Kartarpur Sahib

ਰਾਏਪੁਰ :  ਭਾਰਤ ਅਤੇ ਪਾਕਿਸਤਾਨ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਉੱਥੇ ਜਾਣ ਦੀ ਇੱਛਾ ਰੱਖਣ ਵਾਲੇ ਛਤੀਸਗੜ੍ਹ ਦੇ ਸ਼ਰਧਾਲੂਆਂ ਨੂੰ ਸੂਬੇ ਦੀ ਭੁਪੇਸ਼ ਬਘੇਲ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰੇਲ ਯਾਤਰਾ ਦਾ ਖਰਚ ਖੁਦ ਚੁੱਕਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਦੁਰਗ ਜਿਲ੍ਹੇ ਦੇ ਮੋਹਨ ਨਗਰ ਸਥਿਤ ਗੁਰਦੁਆਰੇ 'ਚ ਪਹੁੰਚੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਲੋਕਾਂ ਨੂੰ ਇਸਦਾ ਲਾਭ ਦੇਣ ਦਾ ਐਲਾਨ ਕੀਤਾ ਹੈ।

 ਮੁੱਖ ਮੰਤਰੀ ਨੇ ਬੀਤੇ 12 ਨਵੰਬਰ ਨੂੰ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਮੱਥਾ ਟੇਕਿਆ ਅਤੇ ਸੂਬੇ ਦੀ ਜਨਤਾ ਲਈ ਖੁਸ਼ਹਾਲੀ ਦੀ ਕਾਮਨਾ ਕੀਤੀ। ਦੁਰਗ ਦੇ ਗੁਰਦੁਆਰੇ ਵਿਚ ਮੁੱਖ ਮੰਤਰੀ ਨੇ ਕਿਹਾ ਕਿ ''ਜਿਸ ਧਰਤੀ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੰਨੇ ਸਾਲ ਗੁਜਾਰੇ ਉਸ ਪਵਿੱਤਰ ਅਸਥਾਨ ਕਰਤਾਰਪੁਰ ਸਾਹਿਬ ਜਾਣ ਲਈ ਲਾਂਘਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ। ਸੂਬੇ ਦੇ ਜਿੰਨੇ ਵੀ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ ਸਰਕਾਰ ਉਨ੍ਹਾਂ ਦੀ ਰੇਲ ਯਾਤਰਾ ਦਾ ਖਰਚ ਚੁੱਕੇਗੀ।

ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ 'ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਫੈਲੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਸੱਚੇ ਗਿਆਨ ਦਾ ਮਾਰਗ ਆਪਣੇ ਸ਼ਰਧਾਲੂਆਂ ਲਈ ਪੱਕਾ ਕੀਤਾ ਹੈ। ਸੱਚ ਦੀ ਖੋਜ਼ ਲਈ ਉਨ੍ਹਾਂ ਨੇ ਲੰਬੀਆਂ ਯਾਤਰਾਵਾਂ ਕੀਤੀਆਂ'। ਇਸ ਮੌਕੇ 'ਤੇ ਗੁਰਦੁਆਰਾ ਪ੍ਰਬੰਧਕਾਂ ਨੇ ਮੁੱਖ ਮੰਤਰੀ ਨੂੰ ਸਿਰਾਪਉ ਭੇਟ ਕੀਤਾ।