ਦਿੱਲੀ-NCR ਫਿਰ ਬਣਿਆ 'ਗੈਸ ਚੈਂਬਰ', ਸੁਪਰੀਮ ਕੋਰਟ 'ਚ ਅੱਜ ਹੋਵੇਗੀ ਹਵਾ ਪ੍ਰਦੂਸ਼ਣ 'ਤੇ ਸੁਣਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) 'ਚ ਪ੍ਰਦੂਸ਼ਣ ਦੇ ਮੁੱਦੇ 'ਤੇ ਸੁਣਵਾਈ ਕਰੇਗੀ।

pollution

ਨਵੀਂ ਦਿੱਲੀ : ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (NCR) 'ਚ ਪ੍ਰਦੂਸ਼ਣ ਦੇ ਮੁੱਦੇ 'ਤੇ ਸੁਣਵਾਈ ਕਰੇਗੀ। ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨ, ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਸੂਰਿਆਕਾਂਤ ਇਸ ਮਾਮਲੇ ਦੀ ਸੁਣਵਾਈ ਵਿਚ ਸ਼ਾਮਲ ਹੋਣਗੇ। 
ਸੁਪਰੀਮ ਕੋਰਟ ਦੀ ਇਸ ਸੁਣਵਾਈ ਵਿਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੇ ਵਕੀਲ ਮੌਜੂਦ ਰਹਿਣਗੇ।

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਐੱਨਸੀਆਰ 'ਚ ਹਵਾ ਪ੍ਰਦੂਸ਼ਣ ਬਹੁਤ ਮਾੜੇ ਪੱਧਰ 'ਤੇ ਪਹੁੰਚ ਗਿਆ ਹੈ। ਪਹਿਲਾਂ ਪਰਾਲੀ ਅਤੇ ਫਿਰ ਦੀਵਾਲੀ ਅਤੇ ਛਠ ਦੇ ਮੌਕੇ 'ਤੇ ਚੱਲੀ ਆਤਿਸ਼ਬਾਜ਼ੀ ਨੇ ਹਵਾ ਦੀ ਰਫ਼ਤਾਰ ਅਤੇ ਦਿਸ਼ਾ ਨਾਲ ਦਿੱਲੀ ਨੂੰ ਗੈਸ ਚੈਂਬਰ 'ਚ ਤਬਦੀਲ ਕਰ ਦਿਤਾ ਹੈ।

ਰਾਸ਼ਟਰੀ ਰਾਜਧਾਨੀ ਨੇ ਸ਼ੁੱਕਰਵਾਰ ਨੂੰ ਸੀਜ਼ਨ ਦਾ ਸਭ ਤੋਂ ਖ਼ਰਾਬ AQI ਦਰਜ ਕੀਤਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ ਇੱਕ ਹੁਕਮ ਵਿਚ ਕਿਹਾ ਕਿ ਦਿਨ ਦੇ ਸ਼ੁਰੂ ਵਿਚ ਹੋਈ ਇੱਕ ਸਮੀਖਿਆ ਮੀਟਿੰਗ ਵਿਚ ਦੇਖਿਆ ਗਿਆ ਕਿ 18 ਨਵੰਬਰ ਤੱਕ ਰਾਤ ਸਮੇਂ ਘੱਟ ਹਵਾਵਾਂ ਕਾਰਨ ਪ੍ਰਦੂਸ਼ਕਾਂ ਨੂੰ ਫੈਲਾਉਣ ਲਈ ਮੌਸਮ ਦੀਆਂ ਸਥਿਤੀਆਂ ਬਹੁਤ ਪ੍ਰਤੀਕੂਲ ਰਹਿਣਗੀਆਂ।